ਸੁਖਦੇਵ ਸਿੰਘ, ਬਟਾਲਾ : ਥਾਣਾ ਫ਼ਤਹਿਗੜ੍ਹ ਚੂੜੀਆਂ ਅਧੀਨ ਆਉਂਦੇ ਪਿੰਡ ਮਲਕਪੁਰ 'ਚ ਇਕ ਪਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਵਾਸੀ ਦੀ ਲਾਸ਼ ਪਿੰਡ ਚੰਦੂਸੁਜਾ ਦੇ ਨੇੜੇ ਮਿਲੀ ਅਤੇ ਮਿ੍ਤਕ ਦੀ ਧੌਣ ਧੜ ਨਾਲੋਂ ਵੱਖ ਕੀਤੀ ਹੋਈ ਸੀ।

ਜਾਣਕਾਰੀ ਦਿੰਦੇ ਹੋਏ ਐੱਸਐੱਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਪਛਾਣ ਅਨਿਲ ਕੁਮਾਰ (30) ਪੁੱਤਰ ਪਿਆਰਾ ਲਾਲ ਪਿੰਡ ਸਹੂਰਾ ਜ਼ਿਲ੍ਹਾ ਸ਼ਾਹਜਹਾਨਪੁਰ, ਯੂਪੀ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸਾਨ ਮਨਿੰਦਰ ਸਿੰਘ ਪੁੱਤਰ ਰਛਪਾਲ ਸਿੰਘ ਨੇ ਸੂਚਨਾ ਦਿੱਤੀ ਸੀ ਕਿ ਅਨੀਲ ਕੁਮਾਰ ਪਿਛਲੇ 15 ਸਾਲਾਂ ਤੋਂ ਉਨ੍ਹਾਂ ਕੋਲ ਮਜ਼ਦੂਰੀ ਕਰਦਾ ਆ ਰਿਹਾ ਸੀ। ਬੀਤੀ ਰਾਤ ਉਨ੍ਹਾਂ ਦੇ ਹੀ ਪਿੰਡ ਦਾ ਸੰਨੀ ਮਸੀਹ ਉਸ ਨੂੰ ਨਾਲ ਲੈ ਗਿਆ ਸੀ ਪਰ ਉਹ ਜਦੋਂ ਦੇਰ ਰਾਤ ਵਾਪਸ ਨਾ ਪਹੁੰਚਿਆ। ਭਾਲ ਕਰਨ 'ਤੇ ਵੀ ਉਸ ਦਾ ਕੋਈ ਸੁਰਾਗ ਨਾ ਮਿਲਿਆ। ਉਨ੍ਹਾਂ ਨੇ ਥਾਣਾ ਫ਼ਤਹਿਗੜ੍ਹ ਚੂੜੀਆਂ ਦੀ ਪੁਲਿਸ ਨੂੰ ਇਤਲਾਹ ਦਿੱਤੀ।

ਐੱਸਐੱਚਓ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਚੰਦੂਸੁਜਾ ਨੇੜੇ ਝਾੜੀਆਂ 'ਚ ਇਕ ਲਾਸ਼ ਪਈ ਹੋਈ ਹੈ। ਜਦ ਉਨ੍ਹਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਧੌਣ ਧੜ੍ਹ ਨਾਲੋਂ ਵੱਖ ਕੀਤੀ ਹੋਈ ਸੀ। ਇਹ ਲਾਸ਼ ਅਨਿਲ ਕੁਮਾਰ ਦੀ ਸੀ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕਿਸਾਨ ਮਨਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸੰਨੀ ਮਸੀਹ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਕਤਲ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਸੀਸੀਟੀਵੀ 'ਚ ਕੈਦ ਹੋਇਆ ਮੁਲਜ਼ਮ

ਐੱਸਐੱਚਓ ਨੇ ਦੱਸਿਆ ਕਿ ਅਨਿਲ ਮਸੀਹ ਜਦੋਂ ਘਰ ਨਾ ਪਰਤਿਆ ਤਾਂ ਸੰਨੀ ਮਸੀਹ ਨੂੰ ਇਸ ਬਾਰੇ ਪੁੱਛਿਆ ਗਿਆ। ਉਸ ਨੇ ਸਹੀ ਤਰੀਕੇ ਜਵਾਬ ਨਹੀਂ ਦਿੱਤਾ। ਸ਼ੱਕ ਹੋਣ 'ਤੇ ਜਦੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਅਨਿਲ ਤੇ ਸੰਨੀ ਦੋਵੇਂ ਇਕੱਠੇ ਨਜ਼ਰ ਆਏ ਤੇ ਉਥੇ ਉਹ ਨਹਿਰ 'ਚ ਨਹਾ ਰਹੇ ਸੀ।