ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ 'ਤੇ ਬਣੇ ਪੈਸੰਜਰ ਟਰਮੀਨਲ ਰਾਹੀਂ ਐਤਵਾਰ ਨੂੰ ਸੰਸਦ ਮੈਂਬਰ ਪ੍ਰਨੀਤ ਕੌਰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਚਰਨਜੀਤ ਚੰਨੀ, ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਵੱਲੋਂ ਪ੍ਰਨੀਤ ਕੌਰ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਭਰਵਾਂ ਸਵਾਗਤ ਕੀਤਾ ਗਿਆ।

ਜਾਣਕਾਰੀ ਅਨੁਸਾਰ ਪਾਰਲੀਮੈਂਟ ਮੈਂਬਰ ਪ੍ਰਨੀਤ ਕੌਰ ਹੈਲੀਕਾਪਟਰ ਰਾਹੀਂ ਕਾਹਲਾਂਵਾਲੀ ਸਥਿਤ ਕੈਂਪ ਪੁੱਜੇ। ਉੱਥੋਂ ਕਾਫ਼ਲੇ ਦੇ ਰੂਪ 'ਚ ਭਾਰਤ-ਪਾਕਿ ਦੀ ਕੌਮਾਂਤਰੀ ਸਰਹੱਦ 'ਤੇ ਲੈਂਡ ਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਬਣਾਏ ਪੈਸੰਜਰ ਟਰਮੀਨਲ ਪੁੱਜੇ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਤੇ ਸਹਿਕਾਰਤਾ ਮੰਤਰੀ ਪੰਜਾਬ, ਚਰਨਜੀਤ ਚੰਨੀ ਕੈਬਨਿਟ ਮੰਤਰੀ ਪੰਜਾਬ, ਗੁਰਜੀਤ ਸਿੰਘ ਔਜਲਾ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਸੰਸਦ ਮੈਂਬਰ, ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ, ਐੱਸਡੀਐੱਮ ਗੁਰਸਿਮਰਨ ਸਿੰਘ ਢਿੱਲੋਂ ਤੋਂ ਇਲਾਵਾ ਐੱਸਐੱਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਉਨ੍ਹਾਂ ਦਾ ਸਵਾਗਤ ਕੀਤਾ। ਬੀਬੀ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਕਰਤਾਰਪੁਰ ਕੋਰੀਡੋਰ ਰਾਹੀਂ ਪਹਿਲੀ ਵਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਜਾ ਰਹੇ ਹਨ।

Posted By: Seema Anand