ਸੁਰਿੰਦਰ ਮਹਾਜਨ, ਪਠਾਨਕੋਟ

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਦੀਆਂ ਆਮ ਚੋਣਾਂ ਦੇ ਚਲਦੇ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਸਖਤ ਇੰਤਜਾਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨੋ ਦਿਨ ਵੱਧ ਰਹੀਆਂ ਹਨ। ਡਲਹੌਜੀ ਰੋਡ 'ਤੇ ਇਕ ਨੌਜਵਾਨ ਸੜਕ 'ਤੇ ਖੜ੍ਹੀ ਐਕਸਯੂਵੀ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿਚ ਪਏ ਸਵਾ ਲੱਖ ਰੁਪਏ ਕੱਢ ਕੇ ਫਰਾਰ ਹੋ ਗਿਆ। ਐਕਸ.ਯੂ.ਵੀ. ਹਿਮਾਚਲ ਦੇ ਚੰਬਾ ਦੇ ਟ੍ਾਂਸਪੋਰਟਰ ਦੀ ਗੱਡੀ ਹੈ। ਇਹ ਲੋਕ ਦਿੱਲੀ ਵਿਖੇ ਕਿਸੇ ਸਮਾਗਮ ਵਿੱਚ ਹਿੱਸਾ ਲੈ ਕੇ ਵਾਪਸ ਜਾ ਰਹੇ ਸਨ। ਦੋਨੋਂ ਅੰਮਿ੍ਤਸਰ ਏਅਰਪੋਰਟ ਉਤਰੇ ਸਨ ਅਤੇ ਉਥੋਂ ਐਕਸ.ਯੂ.ਵੀ. ਵਿੱਚ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਪਰਤ ਰਹੇ ਸਨ ਤੇ ਉਹ ਡਲਹੌਜੀ ਰੋਡ 'ਤੇ ਗੱਡੀ ਦਾ ਕੰਮ ਕਰਾਉਣ ਦੇ ਲਈ ਰੁੱਕੇ ਸਨ। ਹਿਮਾਚਲ ਦੇ ਚੰਬਾ ਵਾਸੀ ਸਾਹਿਬ ਸਿੰਘ ਅਤੇ ਉਸ ਦਾ ਭਰਾ ਗਿਆਨ ਸਿੰਘ ਚੰਬਾ ਜਾ ਰਹੇ ਸਨ ਅਤੇ ਰਸਤੇ ਵਿੱਚ ਡਲਹੌਜੀ ਰੋਡ ਤੇ ਐਕਸ.ਯੂ.ਵੀ. ਗੱਡੀ ਦਾ ਕੁਝ ਕੰਮ ਕਰਵਾਉਣ ਦੇ ਲਈ ਰੁੱਕੇ ਸਨ। ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੱਡੀ ਡਲਹੌਜੀ ਰੋਡ ਤੇ ਪੁਰਾਣੀ ਕਚਹਿਰੀ ਦੇ ਕੋਲ ਖੜ੍ਹੀ ਕੀਤੀ ਸੀ ਅਤੇ ਖੁਦ ਦੁਕਾਨ ਦੇ ਅੰਦਰ ਸਮਾਨ ਲੈਣ ਲਈ ਚਲੇ ਗਏ, ਜਦਕਿ ਐਕਸ.ਯੂ.ਵੀ. ਦਾ ਡਰਾਈਵਰ ਅਜੈ ਬੈਰਿਕ ਲੈਣ ਦੇ ਲਈ ਦੂਸਰੇ ਸ਼ੋ ਰੂਮ ਵਿਚ ਚਲਿਆ ਗਿਆ। ਜਦੋਂ ਕੁਝ ਦੇਰ ਬਾਅਦ ਉਹ ਵਾਪਸ ਆਏ ਤਾਂ ਦੇਖਿਆ ਕਿ ਗੱਡੀ ਦੀ ਪਿੱਛੇ ਦੀ ਸੀਟ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਅੰਦਰ ਰੱਖਿਆ ਬੈਗ ਗਾਇਬ ਸੀ। ਉਸ ਨੇ ਦੱਸਿਆ ਕਿ ਬੈਗ ਵਿੱਚ ਸਵਾ ਲੱਖ ਰੁਪਏ ਸਨ। ਇਸ ਦੇ ਇਲਾਵਾ ਬੈਗ ਵਿੱਚ ਕੁਝ ਜਰੂਰੀ ਕਾਗਜਾਤ ਵੀ ਸਨ ਅਤੇ ਉਨ੍ਹਾਂ ਦਾ ਆਰਮਸ ਦਾ ਲਾਈਸੈਂਸ ਵੀ ਸੀ। ਉਨ੍ਹਾਂ ਨੇ ਦੱਸਿਆ ਕਿ ਕੁਝ ਲੋਕਾਂ ਨੇ ਸ਼ੀਸ਼ਾ ਤੋੜਦੇ ਬਾਈਕ ਸਵਾਰਾਂ ਨੂੰ ਦੇਖਿਆ ਸੀ। ਜਾਣਕਾਰੀ ਮਿਲਣ ਤੇ ਮੌਕੇ ਤੇ ਪੁੱਜੀ ਡਿਵੀਜਨ ਨੰ.1 ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।