ਪਵਨ ਤੇ੍ਹਨ, ਬਟਾਲਾ : ਪਿੰਡ ਦਾਂਬਾਵਾਲ 'ਚ 32 ਸਾਲ ਵਿਆਹੁਤਾ ਰਵਿੰਦਰ ਕੌਰ ਵੱਲੋਂ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਸੂਚਨਾ ਮਿਲਣ 'ਤੇ ਪੁੱਜੀ ਥਾਣਾ ਘਣੀਏ-ਕੇ-ਬਾਂਗਰ ਪੁਲਿਸ ਨੇ ਮਿ੍ਤਕਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਪਤੀ ਦਿਲਬਾਗ ਸਿੰਘ, ਜੇਠ ਭੁਪਿੰਦਰ ਸਿੰਘ, ਹਰਪਾਲ ਸਿੰਘ ਤੇ ਸਹੁਰਾ ਹਰਭਜਨ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਮਿ੍ਤਕਾ ਦੀ ਮਾਤਾ ਰਣਜੀਤ ਕੌਰ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਵਿਆਹ 14 ਸਾਲ ਪਹਿਲਾ ਦਿਲਬਾਗ ਸਿੰਘ ਵਾਸੀ ਦਾਂਬਾਵਾਲ ਨਾਲ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਘਰ ਦੋ ਬੱਚੇ ਵੀ ਹੋਏ। ਉਨ੍ਹਾਂ ਦੋਸ਼ ਲਗਾਏ ਕਿ ਲੜਕੀ ਦੇ ਸਹੁਰਿਆਂ ਵੱਲੋਂ ਲੜਕੀ ਦਾ ਕਤਲ ਕਰ ਕੇ ਉਸ ਨੂੰ ਖ਼ੁਦਕੁਸ਼ੀ ਦਾ ਰੂਪ ਦੇਣ ਲਈ ਫਾਹਾ ਲਾ ਕੇ ਲਟਕਾ ਦਿੱਤਾ ਗਿਆ।

ਉੱਧਰ ਦੂਜੇ ਪਾਸੇ ਮਿ੍ਤਕ ਮਹਿਲਾ ਦੇ ਪਤੀ ਨੇ ਦੋਸ਼ ਲਾਏ ਕਿ ਉਸ ਦੀ ਪਤਨੀ ਦੇ ਪਿੰਡ 'ਚ ਕਿਸੇ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ। ਕਈ ਵਾਰ ਅਜਿਹਾ ਕਰਨ ਤੋਂ ਰੋਕਿਆ ਗਿਆ। ਬੀਤੀ ਦੇਰ ਰਾਤ ਮਹਿਲਾ ਦੀ ਲਾਸ਼ ਘਰ ਦੇ ਪੱਖੇ ਨਾਲ ਲਟਕੀ ਹੋਈ ਮਿਲੀ ਤਾਂ ਇਸ ਸਬੰਧੀ ਉਨ੍ਹਾਂ ਨੇ ਮਹਿਲਾ ਦੇ ਪਰਿਵਾਰਕ ਮੈਂਬਰ ਨੂੰ ਜਾਣਕਾਰੀ ਦਿੱਤੀ।

ਮਿ੍ਤਕ ਮਹਿਲਾ ਦੀ ਮਾਤਾ ਰਣਜੀਤ ਕੌਰ ਨੇ ਦੋਸ਼ ਲਾਇਆ ਕਿ ਬੇਟੀ ਰਵਿੰਦਰ ਕੌਰ ਤੇ ਉਸ ਦੇ ਸਹੁਰੇ ਪਰਿਵਾਰ ਨੇ ਨਾਜਾਇਜ਼ ਸਬੰਧ ਹੋਣ ਦੇ ਗਲਤ ਦੋਸ਼ ਲਾ ਕੇ ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ। ਉਨ੍ਹਾਂ ਕਿਹਾ ਕਿ ਉਸ ਦਾ ਪਤੀ ਅਕਸਰ ਉਨ੍ਹਾਂ ਦੀ ਬੇਟੀ ਨਾਲ ਕੁੱਟਮਾਰ ਕਰਦਾ ਸੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਣੀਏ-ਕੇ-ਬਾਂਗਰ ਦੇ ਐੱਸਐੱਚਓ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਕੇਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਨਾਜਾਇਜ਼ ਸਬੰਧ ਹੋਣ ਬਾਰੇ ਅਜੇ ਸ਼ਪਸ਼ਟ ਨਹੀਂ ਹੋ ਸਕਿਆ। ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ। ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ। ਜਲਦੀ ਹੀ ਮੁਲਜ਼ਮਾਂ ਦੀ ਗਿ੍ਫ਼ਤਾਰੀ ਕਰ ਲਈ ਜਾਵੇਗੀ।