ਪਵਨ ਤੇ੍ਹਨ, ਬਟਾਲਾ : ਆਈਟੀਬੀਪੀ ਦੇ ਜਵਾਨ ਦੀ ਪਤਨੀ ਦੇ ਪ੍ਰੇਮੀ ਨੇ ਕਿਸੇ ਹੋਰ ਨਾਲ ਵਿਆਹ ਕਰਵਾਉਣ ਤੋਂ ਬਾਅਦ ਅਗਵਾ ਕਰ ਕੇ ਉਸ ਦਾ ਚੁੰਨੀ ਨਾਲ ਗਲ ਘੁੱਟ ਕੇ ਨਹਿਰ 'ਚ ਸੁੱਟ ਦਿੱਤਾ। ਰਣਜੀਤ ਸਿੰਘ ਉਰਫ ਸਾਬਾ ਵਾਸੀ ਜਾਂਗਲਾ ਤੇ ਬਲਜੀਤ ਸਿੰਘ ਵਾਸੀ ਸੈਦਪੁਰ ਮਾਮਲਾ ਦਰਜ ਹੋਣ ਤੋਂ ਬਾਅਦ ਭਗੌੜੇ ਹੋ ਗਏ ਸਨ।

ਰਣਜੀਤ ਸਿੰਘ ਉਰਫ ਸਾਬਾ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੇ ਦੋ ਅਪ੍ਰੈਲ 2017 ਨੂੰ ਅਮਰਜੀਤ ਕੌਰ ਨੂੰ ਬਲਜੀਤ ਸਿੰਘ ਵਾਸੀ ਸੈਦਪੁਰ ਦੀ ਮਦਦ ਨਾਲ ਜ਼ਿਲ੍ਹਾ ਅੰਮਿ੍ਤਸਰ ਥਾਣਾ ਲੋਪੋਕੇ ਪਿੰਡ ਚੋਗਾਵਾਂ ਲਾਗੇ ਦੁਆਬਾ ਬਿਸਤ ਨਹਿਰ ਦੇ ਕੰਢੇ 'ਤੇ ਗਲ ਚੁੰਨੀ ਨਾਲ ਘੁੱਟ ਕੇ ਲਾਸ਼ ਨਹਿਰ 'ਚ ਸੁੱਟ ਦਿੱਤੀ ਸੀ।

ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅਮਰਜੀਤ ਕੌਰ ਦੇ ਰਣਜੀਤ ਸਿੰਘ ਉਰਫ ਸਾਬਾ ਨਾਲ ਨਾਜਾਇਜ਼ ਸਬੰਧ ਸਥਾਪਤ ਹੋ ਗਏ ਸਨ। ਅਮਰਜੀਤ ਕੌਰ ਦਾ ਪਤੀ ਮੁਖਤਾਰ ਸਿੰਘ ਆਈਟੀਬੀਪੀ ਵਿਚ ਨੌਕਰੀ ਕਰਦਾ ਸੀ, ਜੋ ਘਰੋਂ ਬਾਹਰ ਹੀ ਰਹਿੰਦਾ ਸੀ। ਇਨ੍ਹਾਂਦੇ ਸਬੰਧਾਂ ਨੂੰ ਲੈ ਕੇ ਦੋਵਾਂ ਪਰਿਵਾਰਾਂ ਦਾ ਕਾਫੀ ਵਾਰ ਝਗੜਾ ਵੀ ਹੋਇਆ ਸੀ। ਅਮਰਜੀਤ ਕੌਰ ਪੱਕੇ ਤੌਰ 'ਤੇ ਰਣਜੀਤ ਸਿੰਘ ਦੇ ਘਰ ਰਹਿਣ ਲੱਗ ਪਈ ਸੀ। ਬਾਅਦ ਵਿਚ ਰਣਜੀਤ ਸਿੰਘ ਉਰਫ ਸਾਬੇ ਨੇ ਵੀ ਵਿਆਹ ਕਰਵਾ ਲਿਆ, ਜਿਸ ਕਰਕੇ ਅਮਰਜੀਤ ਕੌਰ ਤੇ ਰਣਜੀਤ ਸਿੰਘ ਉਰਫ ਸਾਬੇ ਦੇ ਸਬੰਧ ਖ਼ਰਾਬ ਹੋ ਗਏ।

ਅਮਰਜੀਤ ਕੌਰ ਰਣਜੀਤ ਸਿੰਘ 'ਤੇ ਦਬਾਅ ਬਣਾਉਂਦੀ ਸੀ ਕਿ ਜਾਂ ਮੈਨੂੰ ਰੱਖ ਜਾਂ ਆਪਣੀ ਪਤਨੀ ਨੂੰ ਰੱਖ। ਰਣਜੀਤ ਸਿੰਘ ਨੇ ਇਸ ਗੁੱਸੇ 'ਚ ਹੀ ਆਪਣੇ ਦੋਸਤ ਬਲਜੀਤ ਸਿੰਘ ਵਾਸੀ ਸੈਦਪੁਰ ਨੂੰ ਨਾਲ ਲੈ ਕੇ ਆਪਣੇ ਪਿਤਾ ਤੇ ਭਰਾ ਨਾਲ ਸਲਾਹ ਕਰ ਕੇ ਅਮਰਜੀਤ ਕੌਰ ਦਾ ਕਤਲ ਕਰ ਦਿੱਤਾ ਸੀ।