ਆਕਾਸ਼, ਗੁਰਦਾਸਪੁਰ : ਆਪ੍ਰੇਸ਼ਨ ਅੰਮ੍ਰਿਤਪਾਲ ਦਾ ਅਸਰ ਜ਼ਿਲ੍ਹਾ ਗੁਰਦਾਸਪੁਰ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹਾ ਪੁਲਿਸ ਮੁਖੀ ਦਿਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਪੂਰੇ ਆਪ੍ਰੇਸ਼ਨ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਹੀ ਉੱਚ ਪੁਲਿਸ ਆਧਿਕਾਰੀਆਂ ਤੇ ਜਵਾਨਾਂ ਵੱਲੋਂ ਮੰਗਲਵਾਰ ਨੂੰ ਸ਼ਹਿਰ ’ਚ ਫਲੈਗ ਮਾਰਚ ਕੱਢਿਆ ਗਿਆ।

ਡੀਜੀਪੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪੁਲਿਸ 18 ਮਾਰਚ ਤੋਂ ਹੀ ਸਰਗਰਮ ਹੈ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਿਆ ਜਾ ਸਕੇ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਨ੍ਹਾਂ ਸਮਰਥਕਾਂ ਨੂੰ ਹਿਰਾਸਤ ਵਿਚ ਲਿਆ ਜਾ ਸਕੇ ਜੋ ਕਾਨੂੰਨ ਵਿਵਸਥਾ ਨੂੰ ਵਿਗਾੜ ਸਕਦੇ ਹਨ। ਹਾਲਾਂਕਿ ਪੁਲਿਸ ਅਧਿਕਾਰੀਆਂ ਵੱਲੋਂ ਸਮਰਥਕਾਂ ਦੀ ਫੜੋ-ਫੜੀ ਨੂੰ ਪੂਰੀ ਤਰ੍ਹਾਂ ਗੁਪਤ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਅਤੇ ਕੋਈ ਵੀ ਅਧਿਕਾਰੀ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਪਰ ਠੋਸ ਸੂਤਰਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਗੁਰਦਾਸਪੁਰ ਜ਼ਿਲ੍ਹਾ ਪੁਲਿਸ ਹੁਣ ਤਕ ਅੰਮ੍ਰਿਤਪਾਲ ਦੇ 13 ਸਮਰਥਕਾਂ ਨੂੰ ਸ਼ਿਕੰਜੇ ਵਿਚ ਲੈ ਚੁਕੀ ਹੈ।

ਅਹਿਮ ਗੱਲ ਇਹ ਹੈ ਕਿ ਬਹੁ-ਚਰਚਿਤ ਅਜਨਾਲਾ ਕਾਂਡ ਦਾ ਮੁੱਖ ਕਿਰਦਾਰ ਲਵਪ੍ਰੀਤ ਸਿੰਘ ਤੂਫਾਨ ਅਜੇ ਵੀ ਗੁਰਦਾਸਪੁਰ ਪੁਲਿਸ ਦੇ ਹੱਥੇ ਨਹੀਂ ਚੜ੍ਹ ਸਕਿਆ। ਚੇਤੇ ਰਹੇ ਕਿ ਗੁਰਦਾਸਪੁਰ ਨਿਵਾਸੀ ਲਵਪ੍ਰੀਤ ਸਿੰਘ ਤੂਫਾਨ ਅੰਮ੍ਰਿਤਪਾਲ ਸਿੰਘ ਦਾ ਬੇਹੱਦ ਕਰੀਬੀ ਹੈ। ਅੰਮ੍ਰਿਤਪਾਲ ਸਿੰਘ ਨੇ ਉਸ ਨੂੰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਜ਼ਿਲ੍ਹਾ ਮੁਖੀ ਥਾਪਿਆ ਹੋਇਆ ਹੈ। ਅਜਨਾਲਾ ਪੁਲਿਸ ਜਦੋਂ ਲਵਪ੍ਰੀਤ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ ਸੀ ਤਾਂ ਉਸੇ ਨੂੰ ਛੁਡਵਾਉਣ ਲਈ ਅੰਮ੍ਰਿਤਪਾਲ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਢਾਲ ਬਣਾ ਕੇ ਸੈਂਕੜੇ ਸਮਰਥਕਾਂ ਨਾਲ ਅਜਨਾਲਾ ਥਾਣੇ ਉੱਪਰ ਹਿੰਸਕ ਧਾਵਾ ਬੋਲਿਆ ਸੀ। ਇਸੇ ਪ੍ਰਦਰਸ਼ਨ ਕਰ ਕੇ 24 ਘੰਟਿਆਂ ਵਿਚ ਹੀ ਲਵਪ੍ਰੀਤ ਸਿੰਘ ਰਿਹਾਅ ਹੋਣ ਵਿਚ ਸਫਲ ਹੋ ਸਕਿਆ।

ਜਾਣਕਾਰੀ ਅਨੁਸਾਰ, ਆਪ੍ਰੇਸ਼ਨ ਅੰਮ੍ਰਿਤਪਾਲ ਦੇ ਸ਼ੁਰੂ ਹੁੰਦਿਆਂ ਹੀ ਗੁਰਦਾਸਪੁਰ ਪੁਲਿਸ ਵੱਲੋਂ ਲਵਪ੍ਰੀਤ ਦੇ ਪਿੰਡ ਤਿੱਬੜੀ ਸਥਿਤ ਘਰ ਅਤੇ ਹੋਰ ਟਿਕਾਣਿਆਂ ’ਤੇ ਛਾਪਾ ਮਾਰਿਆ ਜਾ ਰਿਹਾ ਹੈ ਪਰ ਉਹ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਆਇਆ। ਜ਼ਿਲ੍ਹੇ ਅੰਦਰ ਜਿਨ੍ਹਾਂ 13 ਸਮਰਥਕਾਂ ਉੱਪਰ ਪੁਲਿਸ ਨੰ ਸ਼ਿਕੰਜਾ ਕੱਸਿਆ ਹੈ, ਉਨ੍ਹਾਂ ਵਿਚ ਗਗਨਦੀਪ ਸਿੰਘ ਵਾਸੀ ਪਿੰਡ ਤੁੰਗ, ਤਰਲੋਕ ਸਿੰਘ ਵਾਸੀ ਕੋਟਲਾ ਖੁਰਦ, ਦਿਲਬਾਗ ਸਿੰਘ ਵਾਸੀ ਦਾਰਾਪੁਰ, ਲਖਬੀਰ ਸਿੰਘ ਵਾਸੀ ਭੈਣੀ ਮਿਆਂ ਖਾਂ ਆਦਿ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸਾਡਾ ਪੰਜਾਬ ਫੈਡਰੇਸ਼ਨ ਦੇ ਜ਼ਿਲ੍ਹਾ ਮੁਖੀ ਇੰਦਰਪਾਲ ਸਮੇਤ ਚਾਰ ਸਮਰਥਕਾਂ ਨੂੰ ਘਰਾਂ ਵਿਚ ਨਜ਼ਰਬੰਦ ਕੀਤਾ ਗਿਆ ਹੈ। ਪੁਲਿਸ ਵੱਲੋਂ ਲਵਪ੍ਰੀਤ ਸਿੰਘ ਸਮੇਤ ਕੁੱਲ ਪੰਜ ਸਮਰਥਕਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਗਈ ਪਰ ਉਹ ਹੱਥ ਨਹੀਂ ਆਏ। ਪੁਲਿਸ ਪ੍ਰਸ਼ਾਸਨ ਅਤੇ ਖੁਫ਼ੀਆ ਏਜੰਸੀਆਂ ਵੱਲੋਂ ਅੰਮ੍ਰਿਤਪਾਲ ਦੇ ਸਮਰਥਕਾਂ ਦੀ ਹਰ ਗਤੀਵਿਧੀ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

Posted By: Jagjit Singh