ਜੇਐੱਨਐੱਨ, ਗੁਰਦਾਸਪੁਰ : ਗੱਲ ਦੱਸਣ ਜਾ ਰਹੇ ਹਾਂ ਨਸ਼ੇ ਦੀ ਦਲਦਲ 'ਚੋਂ ਨਿਕਲ ਕੇ ਨਵੀਂ ਸ਼ੁਰੂਆਤ ਕਰਨ ਜਾ ਰਹੇ ਮਲਕੀਤ ਸਿੰਘ ਦੀ। ਇਸ ਵਿਚ ਮੁੱਖ ਭੂਮਿਕਾ ਉਸ ਦੀ ਪਤਨੀ ਨਤਾਸ਼ਾ ਸੋਮਰ ਵੱਲੋਂ ਨਿਭਾਈ ਗਈ ਤੇ ਦੋਵਾਂ ਵਿਚਾਲੇ ਰਿਸ਼ਤੇ ਦਾ ਜ਼ਰੀਆ ਬਣਿਆ ਵਟਸਐਪ। ਸਾਲ ਦੀ ਸ਼ੁਰੂਆਤ 'ਚ ਦੋਵੇਂ ਇੰਟਰਨੈੱਟ ਰਾਹੀਂ ਸੰਪਰਕ 'ਚ ਆਏ ਤੇ ਫਿਰ ਵਟਸਐਪ 'ਤੇ ਮਲਕੀਤ ਅਤੇ ਡੈਨਮਾਰਕ ਦੀ ਨਤਾਸ਼ਾ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ। ਹੌਲੀ-ਹੌਲੀ ਗੱਲਬਾਤ ਪਿਆਰ 'ਚ ਬਦਲ ਗਈ। ਪਿੰਡ ਸੁੰਡਲ ਦਾ ਮਲਕੀਤ ਹੈਰੋਇਨ ਦੇ ਨਸ਼ੇ ਦਾ ਆਦੀ ਸੀ ਤੇ ਇਹੀ ਗੱਲ ਉਸ ਨੂੰ ਖਾ ਰਹੀ ਸੀ। ਆਖਿਰਕਾਰ ਉਸ ਨੇ ਨਤਾਸ਼ਾ ਨੂੰ ਸਾਰੀ ਸੱਚਾਈ ਦੱਸ ਦਿੱਤੀ। ਨਤਾਸ਼ਾ ਇਹ ਸੁਣ ਕੇ ਪਿੱਛੇ ਨਹੀਂ ਹਟੀ, ਬਲਕਿ ਉਸ ਨੇ ਆਪਣਾ ਪਿਆਰ ਬਚਾਉਣ ਲਈ ਮਾਰਚ 'ਚ ਗੁਰਦਾਸਪੁਰ ਪੁੱਜ ਗਈ।

ਮਲਕੀਤ ਤੇ ਨਤਾਸ਼ਾ ਦੀ ਪਹਿਲੀ ਵਾਰ ਚੈਟਿੰਗ ਸਾਲ ਦੇ ਪਹਿਲੇ ਦਿਨ 1 ਜਨਵਰੀ ਨੂੰ ਹੋਈ ਸੀ। ਆਪਣਾ ਪਿਆਰ ਪਾਉਣ ਲਈ ਨਥਾ 23 ਮਾਰਚ, 2019 ਨੂੰ ਦਿੱਲੀ ਏਅਰਪੋਰਟ 'ਤੇ ਪੁੱਜੀ ਤੇ ਫਿਰ ਉਥੋਂ ਮਲਕੀਤ ਨਾਲ ਗੁਰਦਾਸਪੁਰ ਪਹੁੰਚੀ। ਮਲਕੀਤ ਦੀ ਹਾਲਤ ਦੇਖ ਕੇ ਉਹ ਮਲਕੀਤ ਨੂੰ ਆਪਣੇ ਨਾਲ ਡੈਨਮਾਰਕ ਲੈ ਗਈ। 15 ਤੋਂ 20 ਦਿਨ ਉਥੇ ਇਲਾਜ ਕਰਵਾਇਆ ਪਰ ਮਲਕੀਤ 'ਚ ਕੋਈ ਬਦਲਾਅ ਨਾ ਆਉਂਦਾ ਦੇਖ ਉਹ ਵਾਪਸ ਗੁਰਦਾਸਪੁਰ ਪਹੁੰਚੀ। 15 ਦਿਨ ਪਹਿਲਾਂ ਦੋਵਾਂ ਨੇ ਕੋਰਟ 'ਚ ਵਿਆਹ ਕਰਵਾਇਆ। ਮੌਜੂਦਾ ਸਮੇਂ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ 'ਚ ਦਾਖਲ ਮਲਕੀਤ ਨੇ ਕਿਹਾ ਕਿ ਉਹ ਨਸ਼ੇ ਦੀ ਲਤ ਤੋਂ ਛੁਟਕਾਰਾ ਪਾ ਚੁੱਕਾ ਹੈ ਤੇ ਬਾਕੀ ਜੀਵਨ ਪਤਨੀ ਨਤਾਸ਼ਾ ਨਾਲ ਗੁਜ਼ਾਰਨਾ ਚਾਹੁੰਦਾ ਹੈ।


ਨਵੇਂ ਸਾਲ ਦੇ ਪਹਿਲੇ ਦਿਨ ਨੇ ਬਦਲ ਦਿੱਤੀ ਜ਼ਿੰਦਗੀ

ਮਲਕੀਤ ਦੇ ਵੱਡੇ ਭਰਾ ਜਸਵੰਤ ਸਿੰਘ ਦੇ ਕਹਿਣ 'ਤੇ ਨਤਾਸ਼ਾ ਨੇ ਉਸ ਨੂੰ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ 'ਚ ਭਰਤੀ ਕਰਵਾਇਆ ਹੈ। ਮਲਕੀਤ ਦਾ ਕਹਿਣਾ ਹੈ ਕਿ ਉਹ ਬਹੁਤ ਮੁਸ਼ਕਿਲ ਨਾਲ ਨਸ਼ੇ ਦੇ ਚੁੰਗਲ 'ਚੋਂ ਬਾਹਰ ਨਿਕਲਿਆ ਹੈ। ਹੁਣ ਉਹ ਪਤਨੀ ਨਤਾਸ਼ਾ ਨਾਲ ਡੈੱਨਮਾਰਕ ਜਾਣ ਦੀ ਤਿਆਰੀ 'ਚ ਹੈ।


ਨਤਾਸ਼ਾ ਦੇ ਪਿਤਾ ਡੈਨਮਾਰਕ 'ਚ ਚਲਾਉਂਦੇ ਹਨ ਕੌਫੀ ਸ਼ਾਪ ਤੇ ਗੈਰਜ

ਨਤਾਸ਼ਾ ਨੇ ਕਿਹਾ ਕਿ ਉਸ ਨੇ ਮਲਕੀਤ ਨੂੰ ਨਸ਼ੇ ਦੀ ਦਲਦਲ 'ਚੋਂ ਕੱਢਣ ਦੀ ਸਹੁੰ ਖਾਧੀ ਸੀ। ਇਸ ਬਾਰੇ ਉਸ ਨੇ ਆਪਣੇ ਪਿਤਾ ਨੂੰ ਪੂਰੀ ਗੱਲ ਦੱਸੀ ਸੀ। ਉਸ ਦੇ ਪਿਤਾ ਡੈਨਮਾਰਕ 'ਚ ਕੌਫੀ ਸ਼ਾਪ ਤੇ ਗੈਰਜ ਚਲਾਉਂਦੇ ਹਨ। ਮਲਕੀਤ ਤੇ ਉਸ ਦੇ ਰਿਸ਼ਤੇ ਬਾਰੇ ਜਾਣ ਕੇ ਪਿਤਾ ਨੇ ਉਸ ਨੂੰ ਭਾਰਤ ਜਾਣ ਦੀ ਇਜਾਜ਼ਤ ਦੇ ਦਿੱਤੀ। ਉਧਰ ਸ਼ੁਰੂ 'ਚ ਮਲਕੀਤ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਨਤਾਸ਼ਾ ਗੁਰਦਾਸਪੁਰ ਨਾ ਆਵੇ ਪਰ ਉਸ ਦੀ ਜ਼ਿੱਦ ਅੱਗੇ ਮਲਕੀਤ ਨੂੰ ਗੋਡੇ ਟੇਕਣੇ ਪਏ।


ਅਗਲੇ ਹਫਤੇ ਵੀਜ਼ੇ ਲਈ ਕਰਨਗੇ ਅਪਲਾਈ

ਮਲਕੀਤ ਨੇ ਕਿਹਾ ਕਿ ਉਹ ਅਗਲੇ ਹਫਤੇ ਨਤਾਸ਼ਾ ਨਾਲ ਡੈਨਮਾਰਕ ਜਾਣ ਲਈ ਵੀਜ਼ਾ ਅਪਲਾਈ ਕਰੇਗਾ। ਉਹ ਹੌਲੀ-ਹੌਲੀ ਠੀਕ ਹੋ ਰਿਹਾ ਹੈ। ਉਸ ਦਾ ਨਸ਼ਾ ਛੁੱਟ ਚੁੱਕਾ ਹੈ। ਮਲਕੀਤ ਨੇ ਕਿਹਾ ਕਿ ਨਤਾਸ਼ਾ ਨੇ ਉਸ ਦੇ ਜੀਵਨ ਨੂੰ ਸੰਵਾਰਿਆ ਹੈ। ਹੁਣ ਉਹ ਨਤਾਸ਼ਾ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹੁੰਦਾ ਹੈ।


ਬੇਰੁਜ਼ਗਾਰ ਸੀ, ਸਾਰੇ ਦਿੰਦੇ ਸੀ ਤਾਅਨੇ

ਮਲਕੀਤ ਦਾ ਕਹਿਣਾ ਹੈ ਕਿ ਜਦ ਪੜ੍ਹਾਈ ਤੋਂ ਬਾਅਦ ਨੌਕਰੀ ਨਹੀਂ ਮਿਲੀ ਤਾਂ ਉਹ ਵਿਹਲਾ ਘੁੰਮਣ ਲੱਗਾ। ਮਾਂ ਉਸ ਨੂੰ ਕੰਮ ਕਰਨ ਲਈ ਕਹਿੰਦੀ ਸੀ ਪਰ ਉਸ ਨੂੰ ਨੌਕਰੀ ਨਹੀਂ ਮਿਲਦੀ ਸੀ। ਘਰ ਵਾਲਿਆਂ ਦੇ ਤਾਅਨਿਆਂ ਤੋਂ ਤੰਗ ਆ ਕੇ ਉਹ ਦੋਸਤਾਂ ਨਾਲ ਅਵਾਰਾਗਰਦੀ ਕਰਨ ਲੱਗ ਪਿਆ ਤੇ ਹੌਲੀ-ਹੌਲੀ ਨਸ਼ਿਆਂ 'ਚ ਫਸ ਗਿਆ। ਦੱਸਣਯੋਗ ਹੈ ਕਿ ਮਲਕੀਤ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ਦਾ ਭਰਾ ਜਸਵੰਤ ਵੀ ਨਸ਼ੇ ਦਾ ਆਦੀ ਸੀ। ਮਲਕੀਤ ਖ਼ੁਦ 25 ਕਿੱਲੇ ਜ਼ਮੀਨ ਦਾ ਮਾਲਕ ਹੈ। ਇਸ ਲਈ ਨਸ਼ਿਆਂ ਲਈ ਉਸ ਨੂੰ ਪੈਸੇ ਦੀ ਕਦੇ ਕਮੀ ਨਹੀਂ ਰਹੀ।

Posted By: Amita Verma