ਆਕਾਸ਼, ਗੁਰਦਾਸਪੁਰ : ਸ਼ੁੱਕਰਵਾਰ ਦੇਰ ਰਾਤ ਵਾਪਰੀ ਘਟਨਾ 'ਚ ਕੁਝ ਅਣਪਛਾਤੇ ਲੁਟੇਰਿਆਂ ਨੇ ਗੋਲ਼ੀ ਮਾਰ ਕੇ ਇਕ ਵਪਾਰੀ ਨੂੰ ਜ਼ਖਮੀ ਕਰ ਦਿੱਤਾ। ਜ਼ਖ਼ਮੀ ਵਪਾਰੀ ਸ਼ਸ਼ੀ ਪਾਲ ਪੁੱਤਰ ਸਾਂਝੀ ਰਾਮ ਵਾਸੀ ਓਂਕਾਰ ਨਗਰ ਗੁਰਦਾਸਪੁਰ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉਸ ਦੀ ਖੱਬੀ ਲੱਤ 'ਤੇ ਇਕ ਗੋਲ਼ੀ ਲੱਗੀ ਹੈ ਪਰ ਹਾਲਤ ਖਤਰੇ ਤੋਂ ਬਾਹਰ ਹੈ।

ਜਾਣਕਾਰੀ ਮੁਤਾਬਿਕ ਸ਼ਸ਼ੀ ਪਾਲ ਰਾਤ 11 ਵਜੇ ਦੇ ਕਰੀਬ ਆਪਣੀ ਕਨਫੈਕਸ਼ਨਰੀ ਦੀ ਦੁਕਾਨ ਬੰਦ ਕਰਕੇ ਕਾਰ ਰਾਹੀਂ ਆਪਣੇ ਘਰ ਜਾ ਰਿਹਾ ਸੀ। ਜਦੋਂ ਉਸ ਨੇ ਗਲੀ 'ਚ ਆਪਣੇ ਘਰ ਦੇ ਬਾਹਰ ਕਾਰ ਰੋਕੀ ਤੇ ਉਸੇ ਵਕ਼ਤ ਪਿੱਛੋਂ ਮੋਟਰ ਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਉਸ 'ਤੇ 3-4 ਗੋਲ਼ੀਆਂ ਚਲਾਈਆਂ, ਜਿਨ੍ਹਾਂ 'ਚੋਂ ਇਕ ਗੋਲ਼ੀ ਉਸ ਦੀ ਲੱਤ 'ਤੇ ਵੱਜੀ। ਇਸ ਉਪਰੰਤ ਲੁਟੇਰਿਆਂ ਨੇ ਵਪਾਰੀ ਕੋਲੋਂ ਲੁੱਟ ਖੋਹ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਸਮੇਂ ਰੌਲਾ ਪਾਉਣ 'ਤੇ ਲੁਟੇਰੇ ਭੱਜ ਨਿਕਲੇ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਡੀਐੱਸਪੀ ਤੇ ਐੱਸਐੱਚਓ ਸਿਟੀ ਪੁਲਿਸ ਪਾਰਟੀ ਸਮੇਤ ਪਹੁੰਚੇ। ਜਖ਼ਮੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵਲੋਂ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Posted By: Amita Verma