ਸੁਖਦੇਵ ਸਿੰਘ, ਬਟਾਲਾ

ਬਟਾਲਾ ਸ਼ਹਿਰ ਦੇ ਕੋਟ ਕੁਲ ਜਸਰਾਏ ਦੇ ਵਸਨੀਕ ਗਗਨਦੀਪ ਦੀ 13 ਸਾਲਾ ਧੀ ਮਹਿਕ ਨੇ ਸ਼ਹਿਰ ਦੇ ਇੱਕ ਲੋੜਵੰਦ ਦੀ ਮਦਦ ਕਰਕੇ ਇਨਾਸਨੀਅਤ ਦਾ ਝੰਡਾ ਬੁਲੰਦ ਕੀਤਾ ਹੈ। ਮਹਿਕ ਨੇ ਆਪਣੀ ਗੋਲਕ ਵਿੱਚ ਇਕੱਠੇ ਕੀਤੇ ਸਾਰੇ ਰੁਪਏ ਇੱਕ ਨੰਨ੍ਹੇ ਬੱਚੇ ਦੀ ਜਾਨ ਬਚਾਉਣ ਲਈ ਦੇ ਦਿੱਤੇ ਹਨ। ਮਹਿਕ ਦੀ ਇਸ ਭਾਵਨਾ ਤੋਂ ਪ੍ਰਭਾਵਤ ਹੋ ਕੇ ਹੋਰ ਲੋਕ ਵੀ ਉਸ ਲੋੜਵੰਦ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ। ਵਾਕਿਆ ਬਟਾਲਾ ਸ਼ਹਿਰ ਦੇ ਹਾਥੀ ਗੇਟ ਇਲਾਕੇ ਦਾ ਹੈ। ਇਸ ਇਲਾਕੇ ਦੇ ਇੱਕ ਲੋੜਵੰਦ ਪਰਿਵਾਰ ਦੀ ਇੱਕ ਅੌਰਤ ਜੋ ਕਿ 7 ਮਹੀਨੇ ਦੀ ਗਰਭਵਤੀ ਸੀ, ਅਚਾਨਕ ਉਸਦੀ ਤਬੀਅਤ ਖਰਾਬ ਹੋ ਗਈ ਅਤੇ ਉਹ ਕੌਮਾ ਵਿੱਚ ਚਲੀ ਗਈ। ਅੌਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸ੍ਰੀ ਗੁਰੂ ਰਾਮਦਾਸ ਹਸਪਤਾਲ, ਵੱਲਾ, ਅੰਮਿ੍ਤਸਰ ਦੇ ਡਾਕਟਰਾਂ ਨੂੰ ਮਜ਼ਬੂਰਨ ਉਸ ਅੌਰਤ ਦਾ ਆਪਰੇਸ਼ਨ ਕਰਨਾ ਪਿਆ ਅਤੇ ਜਿਸ ਕਾਰਨ ਬੱਚੇ ਦਾ ਤਹਿ ਸਮੇਂ ਤੋਂ ਪਹਿਲਾਂ ਹੀ ਜਨਮ ਹੋ ਗਿਆ। ਮਾਂ ਕੌਮਾ ਵਿੱਚ ਹੋਣ ਕਾਰਨ ਜਿਥੇ ਉਸਦਾ ਇਲਾਜ ਚੱਲ ਰਿਹਾ ਹੈ, ਉਥੇ ਉਸਦੇ ਨੰਨ੍ਹੇ ਬੱਚੇ ਨੂੰ ਮਸ਼ੀਨ ਵਿੱਚ ਰੱਖਿਆ ਗਿਆ ਹੈ, ਜਦੋਂ ਇਸ ਲੋੜਵੰਦ ਪਰਿਵਾਰ ਬਾਰੇ ਬਟਾਲਾ ਸ਼ਹਿਰ ਦੀ 'ਦ ਹੈਲਪਿੰਗ ਹੈਂਡ ਗਿਵਸ ਟੂ ਨੀਡੀ ਪੀਪਲਸ' ਸੁਸਾਇਟੀ ਦੇ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨਾਂ੍ਹ ਨੇ ਇਸ ਪਰਿਵਾਰ ਦੀ ਆਪਣੇ ਤਰਫੋਂ ਜਿਨੀ ਸੰਭਵ ਹੋ ਸਕੀ ਮਦਦ ਕੀਤੀ। ਇਸਦੇ ਨਾਲ ਹੀ ਸੁਸਾਇਟੀ ਦੇ ਮੁੱਖ ਸੇਵਾਦਾਰ ਵਿਕਾਸ ਮਹਿਤਾ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਇਸ ਮਾਂ ਅਤੇ ਉਸਦੇ ਬੱਚੇ ਦੇ ਇਲਾਜ ਲਈ ਮਦਦ ਦੀ ਗੁਹਾਰ ਲਗਾਈ। ਇਸ ਬਾਰੇ ਜਦੋਂ ਬਟਾਲਾ ਦੀ 13 ਸਾਲਾ ਧੀ ਮਹਿਕ ਨੂੰ ਪਤਾ ਲੱਗਾ ਤਾਂ ਉਸਨੇ ਤੁਰੰਤ ਆਪਣੀ ਗੋਲਕ ਰਾਹੀਂ ਜਮਾਂ੍ਹ ਕੀਤੀ ਆਪਣੀ ਸਾਰੀ ਪੂੰਜੀ ਉਸ ਲੋੜਵੰਦ ਮਾਂ ਅਤੇ ਉਸਦੇ ਨੰਨੇ ਬੱਚੇ ਦੇ ਇਲਾਜ ਲਈ ਦੇਣ ਦਾ ਫੈਸਲਾ ਕੀਤਾ। ਮਹਿਕ ਨੇ 'ਦ ਹੈਲਪਿੰਗ ਹੈਂਡ ਗਿਵਸ ਟੂ ਨੀਡੀ ਪੀਪਲਸ' ਸੁਸਾਇਟੀ ਦੇ ਮੈਂਬਰ ਵਿਕਾਸ ਮਹਿਤਾ, ਅਨੁਰਾਗ ਮਹਿਤਾ, ਵਰੁਣ ਕਾਲੜਾ, ਰਘੂ, ਅੰਕੁਸ਼ ਮਹਿਤਾ, ਰਿਧਮ, ਅਮਨਦੀਪ ਬਧਵਾਰ, ਰਾਜਨ, ਅਮਿਤ, ਰਾਹੁਲ ਅਤੇ ਰਜਤ ਨੂੰ ਆਪਣੀ ਗੋਲਕ ਦੇ ਕੇ ਇਸ ਵਿਚਲੇ ਸਾਰੇ ਪੈਸੇ ਉਸ ਮਾਂ ਤੇ ਉਸਦੇ ਬੱਚੇ ਦੇ ਇਲਾਜ ਲਈ ਦੇਣ ਨੂੰ ਕਿਹਾ। ਮਹਿਕ ਨੇ ਦੱਸਿਆ ਕਿ ਉਹ ਆਪਣੀ ਗੋਲਕ ਵਿੱਚ ਪੈਸੇ ਇੱਕ 'ਡੌਲ' ਲੈਣ ਲਈ ਇਕੱਠੇ ਕਰ ਰਹੀ ਸੀ, ਪਰ ਜਦੋਂ ਉਸਨੂੰ ਸੋਸਲ ਮੀਡੀਆ 'ਤੇ ਇੱਕ ਮਾਂ ਅਤੇ ਉਸਦੇ ਬੱਚੇ ਦੇ ਇਲਾਜ ਲਈ ਪੈਸਿਆਂ ਦੀ ਲੋੜ ਬਾਰੇ ਪਤਾ ਲੱਗਾ ਤਾਂ ਉਸਨੇ ਇਹ ਸਾਰੇ ਪੈਸੇ ਉਨਾਂ੍ਹ ਦੇ ਇਲਾਜ ਲਈ ਦੇਣ ਦਾ ਫੈਸਲਾ ਕੀਤਾ। ਉਸਨੇ ਕਿਹਾ ਕਿ ਉਹ ਗੁੱਡੀ ਤਾਂ ਫਿਰ ਵੀ ਖਰੀਦ ਲਵੇਗੀ ਪਰ ਉਸ ਮਾਂ ਤੇ ਉਸਦੇ ਬੱਚੇ ਦੀ ਜਾਨ ਬਚਣੀ ਜਿਆਦਾ ਜਰੂਰੀ ਹੈ। ਮਹਿਕ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਲੋੜਵੰਦ ਪਰਿਵਾਰ ਦੀ ਮਦਦ ਲਈ ਅੱਗੇ ਆਉਣ। ਉਧਰ ਲੋੜਵੰਦ ਪਰਿਵਾਰ ਅਤੇ 'ਦ ਹੈਲਪਿੰਗ ਹੈਂਡ ਗਿਵਸ ਟੂ ਨੀਡੀ ਪੀਪਲਸ' ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਇਸ ਮਦਦ ਲਈ ਮਹਿਕ ਦਾ ਧੰਨਵਾਦ ਕੀਤਾ ਹੈ।