ਰਣਜੀਤ ਬਾਵਾ/ਜਗੀਰ ਮੰਡ, ਘੁਮਾਣ : ਸਵਾਮੀ ਸਰੂਪਾਨੰਦ ਦੀ ਯਾਦ 'ਚ 24ਵਾਂ ਸਾਲਾਨਾ ਭੰਡਾਰਾ ਤੇ ਦੋ ਰੋਜ਼ਾ ਖੇਡ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਘੁਮਾਣ ਨੇੜੇ ਪਿੰਡ ਮੰਡ ਵਿਖੇ ਕਰਵਾਇਆ ਗਿਆ। ਖੇਡ ਮੇਲੇ ਦੇ ਦੂਜੇ ਤੇ ਅਖੀਰਲੇ ਦਿਨ 4 ਕੌਮਾਂਤਰੀ ਕਬੱਡੀ ਕਲੱਬਾਂ ਦੀਆਂ ਟੀਮਾਂ ਨੇ ਭਾਗ ਲਿਆ, ਜਿਸ ਦੇ ਪਹਿਲੇ ਸੈਮੀਫਾਈਨਲ 'ਚੋਂ ਬਾਬਾ ਹੁੰਦਾਲ ਕਲੱਬ ਬੋਪਾਰਾਏ ਦੀ ਟੀਮ ਜੇਤੂ ਰਹੀ।

ਦੂਸਰੇ ਸੈਮੀਫਾਈਨਲ ਵਿਚ ਬਾਬਾ ਕਾਲਾ ਮਹਿਰ ਕਲੱਬ ਗੁਰਦਾਸਪੁਰ ਦੀ ਟੀਮ ਨੇ ਬਾਬਾ ਨਾਮਦੇਵ ਕਲੱਬ ਘੁਮਾਣ ਨੂੰ ਹਰਾਇਆ। ਕਬੱਡੀ ਦੇ ਮਹਾਕੁੰਭ 'ਚ ਫਾਈਨਲ ਮੁਕਾਬਲਾ ਬਾਬਾ ਹੁੰਦਾਲ ਕਲੱਬ ਬੋਪਾਰਾਏ ਅਤੇ ਬਾਬਾ ਕਾਲਾ ਮਹਿਰ ਕਲੱਬ ਗੁਰਦਾਸਪੁਰ 'ਚ ਹੋਇਆ। ਇਸ ਰੋਚਕ ਮੁਕਾਬਲੇ 'ਚ ਬਾਬਾ ਹੁੰਦਾਲ ਕਲੱਬ ਬੋਪਾਰਾਏ ਦੀ ਟੀਮ ਜੇਤੂ ਰਹੀ। ਕਬੱਡੀ ਮੁਕਾਬਲੇ ਵਿਚ ਦੀਪ ਦੁਬਰਜੀ ਨੂੰ ਵਧੀਆ ਧਾਵੀ ਤੇ ਅਮਨ ਪੱਤਰ ਨੂੰ ਵਧੀਆ ਜਾਫੀ ਐਲਾਨਣ ਤੇ ਦਿਲਬਾਗ ਸਿੰਘ ਮੰਡ ਕੈਨੇਡਾ ਵੱਲੋਂ 5-5 ਹਜ਼ਾਰ ਦੀ ਰਾਸ਼ੀ ਦਿੱਤੀ ਗਈ। ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਪੰਜਾਬ ਅਤੇ ਹਰਿਆਣਾ ਦੀ ਟੀਮ ਵਿਚਕਾਰ ਹੋਇਆ, ਜਿਸ ਵਿਚੋਂ ਹਰਿਆਣਾ ਦੀ ਟੀਮ ਨੇ ਬਾਜੀ ਮਾਰੀ। ਇਨ੍ਹਾਂ ਮੈਚ ਵਿਚ ਕੌਮਾਂਤਰੀ ਕੋਚ ਪਰਮਜੀਤ ਸਿੰਘ ਪੰਮੀ, ਤਰਲੋਚਨ ਸਿੰਘ ਧਾਮੀ, ਸਰਵਨ ਸਿੰਘ ਫੋਜੀ, ਸਵਿੰਦਰ ਸਿੰਘ ਸੰਧਵਾਂ, ਖੇਡ ਪ੍ਰਮੋਟਰਾਂ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ।

ਅਖੀਰ ਵਿਚ ਜੇਤੂ ਟੀਮ ਨੂੰ ਸਵਾਮੀ ਗੁਰਬਖਸ਼ ਦੇਵੀ, ਕ੍ਰਿਸ਼ਨਾ ਨੰਦ, ਬਾਬਾ ਰਾਮਦਾਸ, ਬਾਬਾ ਪੇ੍ਮ ਦਾਸ, ਬਾਬਾ ਭਗਤ ਦਾਸ ਵੱਲੋਂ ਨਗਕ ਰਾਸ਼ੀ ਨਾਲ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਖੇਡ ਮੇਲੇ ਦੌਰਾਨ ਉੱਘੇ ਐੱਨਆਰਆਈ ਦਿਲਬਾਗ ਸਿੰਘ ਮੰਡ ਕੈਨੇਡਾ, ਬਲਜਿੰਦਰ ਸਿੰਘ ਲਾਡੀ ਮੰਡ, ਮੇਜਰ ਸਿੰਘ ਮੰਡ ਦੁਬਈ, ਗੋਪਾਲ ਸਿੰਘ ਭੋਮਾ ਦੁਬਈ ਤੇ ਗਾਇਨ ਜੇਪੀ ਮੰਡ ਜਾਪਾਨ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਕੇਵਲ ਸਿੰਘ ਮੰਡ, ਸੰਤੋਖ ਸਿੰਘ ਹੀਰਾ ਮੰਡ, ਦਲਜੀਤ ਸਿੰਘ ਮੰਡ, ਹੇਮ ਸਿੰਘ ਮੰਡ, ਏਐੱਸਆਈ ਸਰਵਨ ਸਿੰਘ, ਮੇਜਰ ਸਿੰਘ ਮੰਡ, ਸੂਬੇਦਾਰ ਗੁਰਮੀਤ ਸਿੰਘ, ਪਟਵਾਰੀ ਕਵਲਪਾਲ ਸਿੰਘ ਮੰਡ, ਨਿਰਮਲ ਸਿੰਘ ਮੰਡ, ਹਰਜਿੰਦਰ ਸਿੰਘ ਦਕੋਹਾ ਆਦਿ ਹਾਜ਼ਰ ਸਨ।