ਸੁਖਦੇਵ ਸਿੰਘ, ਬਟਾਲਾ : ਨਵੇਂ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਨ, ਨਿਰਦੋਸ਼ਾਂ ਨੂੰ ਗਿ੍ਫਤਾਰ ਕੀਤੇ ਗਏ ਨੌਜਵਾਨਾਂ, ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਾਉਣ ਲਈ ਕਿਸਾਨ-ਮਜ਼ਦੂਰ ਯੂਨੀਅਨ ਮਾਝਾ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਜਥੇਬੰਦੀ ਵੱਲੋਂ ਟਰੈਕਟਰ ਮਾਰਚ ਦੌਰਾਨ ਰੋਸ ਪ੍ਰਦਰਸ਼ਨ ਕਰਨ ਉਪਰੰਤ ਬਟਾਲਾ ਦੀ ਦਾਣਾ ਮੰਡੀ ਵਿਖੇ ਐੱਸਡੀਐੱਮ ਬਟਾਲਾ ਬਲਵਿੰਦਰ ਸਿੰਘ ਨੂੰ ਮਾਨਯੋਗ ਰਾਸ਼ਟਰਪਤੀ ਦੇ ਨਾਮ ਤੇ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਕਿਸਾਨ ਮਜਦੂਰ ਯੂਨੀਅਨ ਮਾਝਾ ਦੇ ਪ੍ਰਧਾਨ ਗੁਰਮੁਖ ਸਿੰਘ ਤੇ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਨੇ ਸਾਂਝੇ ਤੌਰ ਤੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਖ਼ਿਲਾਫ਼ ਚੱਲ ਕੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਉਦੋਂ ਤੱਕ ਚੱਲਦਾ ਰਹੇਗਾ ਜਦ ਤੱਕ ਕੇਂਦਰ ਸਰਕਾਰ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਤੇ ਐੱਮਐੱਸਪੀ ਨੂੰ ਕਾਨੂੰਨੀ ਅਧਿਕਾਰ ਨਹੀਂ ਦਿੱਤਾ ਜਾਂਦਾ ਤੇ ਨਾਲ ਹੀ ਗਿ੍ਫਤਾਰ ਕੀਤੇ ਗਏ ਬੇਗੁਨਾਹ ਨੌਜਵਾਨਾਂ ਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਾਉਣਾ ਤੱਕ ਸੰਘਰਸ਼ ਚੱਲਦਾ ਹੀ ਰਹੇਗਾ। ਐੱਸਡੀਐੱਮ ਬਟਾਲਾ ਬਲਵਿੰਦਰ ਸਿੰਘ ਨੇ ਮੰਗ ਪੱਤਰ ਲੈਣ ਉਪਰੰਤ ਕਿਹਾ ਕਿ ਉਹ ਇਹ ਮੰਗ ਪੱਤਰ ਮਾਣਯੋਗ ਰਾਸ਼ਟਰਪਤੀ ਨੂੰ ਭੇਜ ਦੇਣਗੇ।

-- ਟਰੈਕਟਰ ਮਾਰਚ ਦਾ ਆੜ੍ਹਤੀਆ ਐਸੋਸੀਏਸ਼ਨ ਨੇ ਕੀਤਾ ਸਵਾਗਤ

ਕਿਸਾਨ ਮਜਦੂਰ ਯੂਨੀਅਨ ਮਾਝਾ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਦਾ ਦਾਣਾ ਮੰਡੀ ਬਟਾਲਾ ਵਿਖੇ ਪੁੱਜਣ 'ਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮਨਬੀਰ ਸਿੰਘ ਰੰਧਾਵਾ, ਹਰਜਿੰਦਰ ਸਿੰਘ ਹਰੂਵਾਲ, ਪਰਮਜੀਤ ਸਿੰਘ ਵੜੈਚ, ਕੰਵਲਜੀਤ ਸਿੰਘ ਸ਼ਾਹ, ਲਵਲੀ ਕੁਮਾਰ, ਹਰਦੇਵ ਸਿੰਘ ਕਾਲਾ ਨੰਗਲ, ਵੀਰਮ ਸਿੰਘ ਵੋਹਰਾ ਆਦਿ ਨੇ ਸਵਾਗਤ ਕਰਦਿਆਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਆੜ੍ਹਤੀ ਐਸੋ ਦੇ ਪ੍ਰਧਾਨ ਮਨਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਕਿਸਾਨਾਂ ਦੇ ਇਸ ਸੰਘਰਸ਼ 'ਚ ਆੜ੍ਹਤੀਆ ਐਸੋਸੀਏਸ਼ਨ, ਮਜਦੂਰ ਵਰਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਿਹਾ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਨੇ ਕਿਸਾਨਾਂ ਲਈ ਸਮੋਸਿਆਂ ਦਾ ਲੰਗਰ ਵਰਤਾਇਆ।

-- ਕਿਸਾਨਾਂ ਕੀਤਾ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਦਾਣਾ ਮੰਡੀ ਬਟਾਲਾ 'ਚ ਟਰੈਕਟਰ ਮਾਰਚ 'ਚ ਸ਼ਾਮਲ ਕਿਸਾਨਾਂ ਤੇ ਨੌਜਵਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪਿੱਟ ਸਿਆਪਾ ਕੀਤਾ। ਇਸ ਟਰੈਕਟਰ ਮਾਰਚ 'ਚ ਸੁਖਜੀਤ ਸਿੰਘ, ਜਸਪਾਲ ਸਿੰਘ ਬਾਜਵਾ, ਗੁਰਬਚਨ ਸਿੰਘ ਚਾਹਲ, ਸਤਨਾਮ ਸਿੰਘ ਚੀਮਾ, ਬਰਿੰਦਰ ਸਿੰਘ ਭਿੰਡਰ, ਸੁਖਪਾਲ ਸਿੰਘ ਚਾਹਲ, ਜਸਵਿੰਦਰ ਸਿੰਘ ਭੁੱਲਰ, ਸਤਿਬੀਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਸਰਪੰਚ ਜਸਵਿੰਦਰ ਸਿੰਘ, ਪਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ, ਸੁਬੇਗ ਸਿੰਘ, ਗੁਰਬਿੰਦਰ ਸਿੰਘ ਕਾਦੀਆਂ, ਗੁਰਜੰਟ ਸਿੰਘ, ਪਾਲ ਸਿੰਘ ਹਰਦੋਝੰਡੇ, ਪਰਮਜੀਤ ਸਿੰਘ ਅਕਾਲੀ, ਰਜਿੰਦਰ ਸਿੰਘ ਚੀਮਾ, ਰਣਜੀਤ ਸਿੰਘ ਰਾਣਾ, ਪ੍ਰਦੀਪ ਸਿੰਘ, ਪ੍ਰਭਜੋਤ ਸਿੰਘ ਚੀਮਾ, ਮਨਜੀਤ ਸਿੰਘ ਬਾਜਵਾ ਡੇਰਾ ਬਾਬਾ ਨਾਨਕ ਆਦਿ ਹਾਜ਼ਰ ਸਨ।