ਆਕਾਸ਼, ਗੁਰਦਾਸਪੁਰ

ਅੱਜ ਪੰਜਾਬ ਅਤੇ ਯੂ ਟੀ ਮੁਲਾਜਮ ਅਤੇ ਪੈਨਸਨਰ ਸੰਘਰਸ਼ ਕਮੇਟੀ ਦੇ ਸੱਦੇ ਤੇ ਮੁਲਾਜਮਾਂ ਵੱਲੋਂ ਹਲਕਾ ਵਿਧਾਇਕ ਗੁਰਦਾਸਪੁਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗਾਂ ਦੇ ਹੱਲ ਲਈ ਮੰਗ ਪੱਤਰ ਸੌਂਪਿਆ। ਮੰਗ ਪੱਤਰ ਦੇਣ ਤੋਂ ਬਾਅਦ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਸੋਹਲ, ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਪੂਰੋਵਾਲ, ਪੈਨਸ਼ਨਰ ਆਗੂ ਨਿਰਮਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਨਾਲ ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ। ਆਉਟ ਸੋਰਸ ਭਰਤੀ,ਕੱਚੇ ਮੁਲਾਜਮਾਂ ਨੂੰ ਪੱਕਿਆਂ ਕਰਨ,ਡੀਏ ਦੀਆਂ ਕਿਸ਼ਤਾਂ ਜਾਰੀ ਕਰਨ,ਪੇਅ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਥਾਂ ਮੁਲਾਜਮਾਂ ਉਪਰ 200 ਰੁਪਏ ਮਹੀਨਾ ਟੈਕਸ ਵਸੂਲਿਆ ਜਾ ਰਿਹਾ ਹੈ, ਮੋਬਾਈਲ ਭੱਤਾ ਘਟਾ ਦਿੱਤਾ ਗਿਆ ਹੈ, ਹਜਾਰਾਂ ਆਸਾਮੀਆਂ ਨੂੰ ਰੈਗੂਲਰ ਭਰਨ ਦੀ ਥਾਂ ਆਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਹਨ। ਨਿਜੀਕਰਨ ਤੇਜੀ ਨਾਲ ਕੀਤਾ ਜਾ ਰਿਹਾ ਹੈ। ਆਗੂਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ 18 ਅਗਸਤ ਨੂੰ ਘਰਾਂ ਦੀਆਂ ਛੱਤਾਂ ਤੇ ਕਾਲੇ ਝੰਡੇ ਲਹਿਰਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਆਗੂਆਂ ਨੇ ਪੰਜਾਬ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਵੱਲੋਂ ਡੀਸੀ ਦਫਤਰ ਵਿਖੇ ਚੱਲ ਰਹੇ ਲਗਾਤਾਰ ਧਰਨੇ ਵਿੱਚ ਸ਼ਮੂਲੀਅਤ ਕਰਕੇ ਸਮਰਥਨ ਕੀਤਾ ਅਤੇ ਮੰਗ ਕੀਤੀ ਕਿ ਸਰਕਾਰ ਫੌਰੀ ਤੌਰ ਤੇ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਜਥੇਬੰਦੀ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰੇ। ਇਸ ਸਮੇਂ ਅਨਿਲ ਕੁਮਾਰ, ਸੁਭਾਸ ਚੰਦਰ, ਹਰਜੀਤ ਸਿੰਘ,ਮੰਗਤ ਚੰਚਲ,ਜੇ ਪੀ ਸੈਣੀ, ਸਵਿੰਦਰ ਸਿੰਘ ਕਲਸੀ, ਮੱਖਣ ਸਿੰਘ ਕੋਹਾੜ, ਕਪੂਰ ਸਿੰਘ ਘੁੰਮਣ, ਅਮਰਜੀਤ ਸਿੰਘ ਆਦਿ ਹਾਜਰ ਸਨ।