ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਭਾਰਤ ਪਾਕਿਸਤਾਨ ਬਟਵਾਰੇ ਦਰਦ ਨੂੰ ਯਾਦ ਕਰਕੇ ਅੱਜ ਵੀ ਦਿਲ ਦਹਿਲ ਜਾਂਦਾ ਹੈ ਅਤੇ ਅੱਖਾਂ ਅੱਗੇ ਹਨੇਰਾ ਛਾ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤ ਪਾਕਿ ਬਟਵਾਰੇ ਦਾ ਦਰਦ ਆਪਣੇ ਪਿੰਡੇ ਤੇ ਹੰਢਾ ਚੁੱਕੇ ਸੇਵਾ ਮੁਕਤ ਅਧਿਆਪਕ ਮਦਨ ਲਾਲ ਕਲਾਨੌਰ ਨੇ 'ਜਾਗਰਣ' ਨਾਲ ਗੱਲਬਾਤ ਦੌਰਾਨ ਕੀਤਾ ਮਦਨ ਲਾਲ ਦਾ ਜਨਮ ਮਾਤਾ ਆਗਿਆ ਵੰਤੀ ਪਿਤਾ ਤਰਲੋਕ ਚੰਦ ਜੋ ਕਰਿਆਨੇ ਦੀ ਹੱਟੀ ਚਲਾਉਂਦੇ ਹਨ ਪਿੰਡ ਜਫਰਵਾਲ ਤਹਿਸੀਲ ਨਾਰੋਵਾਲ ਜ਼ਿਲ੍ਹਾ ਸਿਆਲਕੋਟ ਵਿਖੇ ਹੋਇਆ। ਮਦਨ ਲਾਲ ਨੇ ਦੱਸਿਆ ਕਿ ਭਾਰਤ ਪਾਕਿ ਦੀ ਵੰਡ ਦੌਰਾਨ ਉਹ ਚੌਥੀ ਜਮਾਤ ਪਾਸ ਕਰ ਗਏ ਸਨ। ਉਸ ਦਾ ਇੱਕ ਭਰਾ ਅਤੇ ਤਿੰਨ ਭੈਣਾਂ ਉਸ ਤੋਂ ਛੋਟੀਆਂ ਸਨ ਅਤੇ ਉਸ ਦੇ ਪਿਤਾ ਦੀ ਪਾਕਿਸਤਾਨ ਸਥਿਤ ਡਫਰਵਾਲ ਕਸਬੇ ਦੇ ਮੇਨ ਬਾਜ਼ਾਰ ਵਿੱਚ ਹੋਲ ਸੇਲ ਕਰਿਆਨੇ ਦੀ ਹੱਟੀ ਸੀ, ਜਿਸ ਤੋਂ ਪਿੰਡ ਨੰਗਲ, ਹਰਬੈਸ ਪੁਰ, ਭਗੌਤੀ ਪੁਰ, ਧਰਮਸਾਲ ਆਦਿ ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਉਸ ਦੇ 'ਭਾਪੇ ਦੀ ਹੱਟੀ' ਤੋਂ ਕਰਿਆਨੇ ਦਾ ਥੋਕ ਵਿੱਚ ਸਾਮਾਨ ਖਰੀਦਣ ਲਈ ਆਉਂਦੇ ਹਨ ਅਤੇ ਸਾਡੀ ਦੁਕਾਨ ਤੇ ਤਿੰਨ ਨੌਕਰ ਕੰਮ ਕਰਨ ਤੋਂ ਇਲਾਵਾ ਉਸ ਦੇ ਮੇਰਾ ਪਿਤਾ ਤਰਲੋਕ ਚੰਦ, ਚਾਚਾ ਰਤਨ ਚੰਦ ਅਤੇ ਦਾਦਾ ਮੱਖਣ ਸਾਹ ਸਮੇਤ ਛੇ ਆਦਮੀ ਦਿਨ ਰਾਤ ਕੰਮ ਕਰਦੇ ਸਨ ਅਤੇ ਉਸ ਸਮੇਂ ਕਰਿਆਨੇ ਦਾ ਸਾਮਾਨ ਸਿਆਲਕੋਟ ਤੋਂ ਊਠਾਂ ਰਾਹੀਂ ਆਉਂਦਾ ਸੀ ਅਤੇ ਉਸ ਦੇ ਪਰਿਵਾਰ ਨੂੰ ਚੰਗੀ ਚੋਖੀ ਆਮਦਨ ਸੀ।

ਭਾਰਤ-ਪਾਕਿ ਬਟਵਾਰੇ ਦੌਰਾਨ ਅਚਨਚੇਤ ਪਿੰਡ ਡਫ਼ਰਵਾਲ ਦੇ ਵਾਸੀਆਂ ਨੂੰ ਸ਼ਹਿਰੋਂ ਬਾਹਰ ਆਰੀਆ ਸਮਾਜ ਮੰਦਿਰ, ਮਿਊਂਸੀਪਲ ਕਮੇਟੀ ਦੇ ਦਫਤਰ ਅਤੇ ਰੈਸ਼ਟ ਹਾਊਸ ਵਿੱਚ ਸਾਰੇ ਹਿੰਦੂ ਸਿੱਖਾਂ ਨੂੰ ਰਾਤੋਂ ਰਾਤ ਘਰੋਂ ਬੇਘਰ ਕਰਕੇ ਉਨ੍ਹਾਂ ਨੂੰ ਪੈਦਲ ਕਾਫਲੇ ਦੇ ਰੂਪ ਵਿੱਚ ਸਾਰੇ ਡਫਰਵਾਲ ਵਾਸੀਆਂ ਨੂੰ ਖਾਲੀ ਹੱਥ ਆਪਣੇ ਘਰ ਬਾਰ ਛੱਡਣੇ ਪਏ ਸਨ। ਮਦਨ ਲਾਲ ਨੇ ਦੱਸਿਆ ਕਿ ਵੰਡ ਦੌਰਾਨ ਜਿੱਥੇ ਆਸ ਪਾਸ ਦੇ ਇਲਾਕਿਆਂ ਵਿੱਚ ਮੁਸਲਮਾਨਾਂ ਵੱਲੋਂ ਵੱਢ ਟੁੱਕ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਉਥੇ ਉਨ੍ਹਾਂ ਦੇ ਪਿੰਡ ਡੱਫਰ ਵਾਲ ਦੇ ਮੁਸਲਮਾਨ ਭਾਈਚਾਰੇ ਦੇ ਹਕੀਮ ਮੁਹੰਮਦ ਸਫੀ ਵੱਲੋਂ ਹਿੰਦੂ ਭਾਈਚਾਰੇ ਦੀਆਂ ਜਾਨਾਂ ਬਚਾਉਣ ਵਿੱਚ ਪੂਰਨ ਸਹਿਯੋਗ ਦਿੱਤਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਚੰਦੂ ਵਾਲਾ ਤੇ ਪੁੱਜੇ ਤਾਂ ਉਨ੍ਹਾਂ ਨੂੰ ਇੱਕ ਮਸੀਹ ਭਾਈਚਾਰੇ ਦੇ ਪਾਦਰੀ ਨੇ ਤਿੰਨ ਦਿਨ 'ਚ ਚਾਰ ਵਾਰ ਡੇਰਾ ਬਾਬਾ ਨਾਨਕ ਆਉਣ ਵਾਲੀ ਟਰੇਨ ਦੇ ਨਾਂ ਚਾੜ੍ਹਕੇ ਉਨ੍ਹਾਂ ਦੀਆਂ ਜਾਨਾਂ ਬਚਾਈਆਂ ਸਨ।

ਮਦਨ ਲਾਲ ਨੇ ਦੱਸਿਆ ਕਿ ਜਿਹੜੇ ਲੋਕ ਪਾਦਰੀ ਦੇ ਕਹੇ 'ਤੇ ਨਹੀਂ ਲੱਗੇ ਉਹ ਟਰੇਨਾਂ ਤੇ ਚੜ੍ਹ ਕੇ ਮੁਸਲਮਾਨਾਂ ਹੱਥੋਂ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਸੇਵਾਮੁਕਤ ਅਧਿਆਪਕ ਮਦਨ ਲਾਲ ਨੇ ਦੱਸਿਆ ਕਿ ਦੇਸ਼ ਆਜ਼ਾਦ ਹੋਏ ਨੂੰ 73 ਸਾਲ ਬੀਤ ਚੁੱਕੇ ਹਨ ਪ੍ਰੰਤੂ ਅਜੇ ਵੀ ਬਟਵਾਰੇ ਦੀਆਂ ਦਰਦਨਾਕ ਯਾਦਾਂ ਉਨ੍ਹਾਂ ਨੂੰ ਨਹੀਂ ਭੁੱਲੀਆਂ ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਉਨ੍ਹਾਂ ਦੇ ਕਾਰੋਬਾਰ ਸਿਖਰਾਂ 'ਤੇ ਸਨ ਉੱਥੇ ਦੇਸ਼ ਦੀ ਆਜ਼ਾਦੀ ਮਿਲਣ ਤੋਂ ਬਾਅਦ ਵੀ ਅਜੇ ਤਕ ਉਹ ਉਸ ਮੁਕਾਮ 'ਤੇ ਨਹੀਂ ਪੁੱਜ ਸਕੇ।