ਆਕਾਸ਼, ਗੁਰਦਾਸਪੁਰ

ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਕਰਜ਼ ਵਸੂਲਣ ਨੂੰ ਲੈ ਕੇ ਪੇਂਡੂ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਵਿਰੋਧ 'ਚ ਪੇਂਡੂ ਮਜ਼ਦੂਰ ਯੂਨੀਅਨ ਨੇ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਲਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ, ਜਨਰਲ ਸਕੱਤਰ ਜਰਨੈਲ ਸਿੰਘ, ਮੇਜਰ ਸਿੰਘ ਆਦਿ ਨੇ ਕਿਹਾ ਕਿ ਕੋਵਿਡ-19 ਦੇ ਚੱਲਦੇ ਸਰਕਾਰ ਨੇ ਲਾਕਡਾਊਨ ਦੇ ਦੌਰਾਨ ਕਿਸੇ ਤਰ੍ਹਾਂ ਦੇ ਸਰਕਾਰੀ ਜਾਂ ਗੈਰ ਸਰਕਾਰੀ ਕਰਜ਼ਾ ਵਸੂਲਣ 'ਤੇ ਪਾਬੰਦੀ ਲਾਈ ਹੋਈ ਹੈ ਪਰ ਇਸ ਦੇ ਬਾਵਜੂਦ ਉਕਤ ਕੰਪਨੀਆਂ ਵੱਲੋਂ ਪੇਂਡੂ ਲੋਕਾਂ ਨੂੰ ਕਰਜ਼ਾ ਵਸੂਲਣ ਦੇ ਨਾਂ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਹਿਲੇ ਲਾਕਡਾਊਨ ਕਾਰਨ ਗਰੀਬ ਵਰਗ ਦੀ ਆਰਥਿਕ ਹਾਲਤ ਖਰਾਬ ਹੋਈ ਪਈ ਹੈ। ਜਦਕਿ ਅਜਿਹੇ ਹਾਲਾਤ 'ਚ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਰਕਾਰਾਂ ਨੇ ਵੀ ਗਰੀਬ ਵਰਗ ਨੂੰ ਹੁਣ ਅਣਦੇਖਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਰੁਜ਼ਗਾਰ ਨਹੀਂ ਹੋਣ ਦੇ ਕਾਰਨ ਉਹ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਮਾਈਕਰੋ ਫਾਇਨਾਂਸ ਕੰਪਨੀਆਂ ਨੂੰ ਕਰਜ਼ਾ ਨਾ ਵਸੂਲਣ ਦੇ ਆਦੇਸ਼ ਜਾਰੀ ਕੀਤੇ ਜਾਣ। ਇਸ ਦੇ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰ ਨੂੰ ਕਾਨੂੰਨ ਦੇ ਅਨੁਸਾਰ ਘੱਟ ਤੋਂ ਘੱਟ ਦਿਹਾੜੀ ਦੇ ਤਹਿਤ ਰੋਜ਼ਗਾਰ ਦਿੱਤਾ ਜਾਵੇ, ਕੇਂਦਰ ਸਰਕਾਰ ਵੱਲੋਂ ਵੰਡੇ ਜਾਣ ਵਾਲੇ ਰਾਸ਼ਨ 'ਚ ਰਾਜਨੀਤਿਕ ਦਖ਼ਲ ਦੇ ਬਿਨਾ ਹਰ ਜ਼ਰੂਰਤਮੰਦ ਨੂੰ ਰਾਸਨ ਮੁਹੱਈਆ ਕਰਵਾਇਆ ਜਾਵੇ, ਘਰੇਲੂ ਬਿਜਲੀ ਮੁਆਫੀ ਦੀ ਸੇਵਾ ਲੈ ਰਹੇ ਮਜ਼ਦੂਰਾਂ ਨੂੰ ਭੇਜੇ ਬਿਜਲੀ ਬਿਲ ਵਾਪਸ ਲਏ ਜਾਣ। ਇਸ ਮੌਕੇ ਜਗਦੀਸ਼ ਰਾਜ, ਕਰਨੈਲ ਸਿੰਘ, ਮਾ. ਪ੍ਰਰੇਮ ਲਾਲ, ਸੱਜÎਣ ਸਿੰਘ, ਭਜਨ ਲਾਲ, ਬੂਟਾ ਰਾਜ, ਮੇਜਰ ਸਿੰਘ, ਮਨਜੀਤ ਕੌਰ , ਰਿੰਪੀ, ਇੰਦਰਜੀਤ ਕੌਰ, ਰਣਜੀਤ ਕੌਰ , ਦਲਬੀਰ ਕੌਰ ਆਦਿ ਹਾਜ਼ਰ ਸੀ।