ਸ਼ਾਮ ਸਿੰਘ ਘੁੰਮਣ, ਦੀਨਾਨਗਰ

ਪਿਛਲੇ ਇੱਕ ਹਫਤੇ ਦੇ ਸਮੇਂ ਦੌਰਾਨ ਦੀਨਾਨਗਰ ਖੇਤਰ ਅੰਦਰ 50 ਦੇ ਕਰੀਬ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆ ਜਾਣ ਦੇ ਬਾਵਜੂਦ ਵੀ ਲੋਕ ਸਰਕਾਰ ਦੀਆਂ ਕੋਰੋਨਾ ਤੋਂ ਬਚਾਅ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਦੇ ਨਜ਼ਰ ਨਹੀਂ ਆ ਰਹੇ। ਸ਼ਹਿਰ ਅੰਦਰ ਖਰੀਦਦਾਰੀ ਕਰਨ ਲਈ ਪਹੁੰਚ ਰਹੇ ਬਹੁਤੇ ਲੋਕ ਨਾਂ ਤਾਂ ਮਾਸਕਿੰਗ ਦਾ ਖਿਆਲ ਰੱਖ ਰਹੇ ਹਨ ਅਤੇ ਨਾਂ ਹੀ ਸ਼ੋਸ਼ਲ ਡਿਸਟੈਂਸਿੰਗ ਪ੍ਰਤੀ ਸੁਚੇਤ ਲੱਗ ਰਹੇ ਹਨ। ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਲੋਕ ਸ਼ਰੇਆਮ ਸ਼ੜਕਾਂ ਤੇ ਘੁੰਮਦੇ ਹੋਏ ਅਪਣੇ ਨਾਲ ਨਾਲ ਦੂਸਰਿਆਂ ਦੀ ਜਾਨ ਨੂੰ ਵੀ ਖਤਰੇ ਵਿੱਚ ਪਾ ਰਹੇ ਹਨ, ਜਿਸਨੂੰ ਲੈ ਕੇ ਸ਼ਹਿਰ ਤੇ ਸੂਝਵਾਨ ਲੋਕ ਚਿੰਤਤ ਹਨ। ਚਿੰਤਤ ਲੋਕਾਂ ਦਾ ਕਹਿਣਾ ਹੈ ਕਿ ਪ੍ਰਸਾਸ਼ਨ ਨੂੰ ਇਸ ਸਬੰਧ ਵਿੱਚ ਸਖਤੀ ਕਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਅਗਸਤ ਮਹੀਨੇ ਦੇ ਪਹਿਲੇ ਹਫਤੇ ਦੌਰਾਨ ਦੀਨਾਨਗਰ ਖੇਤਰ ਅੰਦਰ ਕੋਰੋਨਾ ਪੋਜ਼ੇਟਿਵ ਮਾਮਲਿਆਂ ਦਾ ਗ੍ਰਾਫ ਤੇਜ਼ੀ ਨਾਲ ਵਧਿਆ ਹੈ ਅਤੇ ਰੋਜਾਨਾਂ ਦੀਨਾਨਗਰ ਖੇਤਰ ਚੋਂ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਮਰੀਜ ਨਿੱਕਲ ਰਹੇ ਹਨ। ਪ੍ਰਸ਼ਾਸ਼ਨ ਦਾ ਮੰਨਣਾ ਹੈ ਕਿ ਇਹ ਸੱਭ ਕੋਵਿਡ 19 ਸਬੰਧੀ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਨਾ ਕਰਨ ਦੇ ਹੀ ਨਤੀਜੇ ਹਨ। ਇਸ ਸਬੰਧੀ ਐਸਐਚਓ ਦੀਨਾਨਗਰ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਟੀਮਾਂ ਲਗਾਤਾਰ ਲੋਕਾਂ ਨੂੰ ਜਾਗਰੁਕ ਕਰਨ ਦੇ ਨਾਲ ਨਾਲ ਜਿੱਥੇ ਜਰੂਰਤ ਹੈ ਸਖਤੀ ਵੀ ਕਰ ਰਹੀਆਂ ਹਨ ਅਤੇ ਜੇਕਰ ਲੋਕ ਫਿਰ ਵੀ ਨਿਯਮਾਂ ਦਾ ਪਾਲਣ ਨਹੀਂ ਕਰਦੇ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।