ਸੁਖਦੇਵ ਸਿੰਘ, ਬਟਾਲਾ

ਲੋਕ ਇਨਸਾਫ ਪਾਰਟੀ ਦੇ ਹਲਕਾ ਬਟਾਲਾ ਦੇ ਪ੍ਰਧਾਨ ਵਿਜੇ ਤੇ੍ਹਨ ਦੀ ਅਗਵਾਈ 'ਚ ਬਟਾਲਾ ਕਲੱਬ 'ਚ ਪੈ੍ੱਸ ਕਾਨਫਰੰਸ ਦੌਰਾਨ ਇਕ ਅੌਰਤ ਨੇ ਕਾਦੀਆਂ ਦੇ ਇਕ ਨਿੱਜੀ ਹਸਪਤਾਲ ਤੇ ਉਸ ਦੇ ਬੱਚੇ ਦੀ ਮੌਤ ਦਾ ਜਿੰਮੇਵਾਰ ਠਹਿਰਾਉਣ ਦਾ ਕਥਿਤ ਦੋਸ਼ ਲਗਾਇਆ ਹੈ। ਇਸ ਸਬੰਧੀ ਲਿਪ ਆਗੂ ਵਿਜੇ ਤੇ੍ਹਨ ਦੀ ਮੌਜ਼ਦੂਗੀ 'ਚ ਪੀੜਤ ਮਹਿਲਾ ਰੇਖਾ ਪਤਨੀ ਰਾਜਨ ਵਾਸੀ ਬਹਾਦਰਪੁਰ ਰਜੋਆ ਨੇ ਦੱਸਿਆ ਕਿ ਉਹ ਗਰਭਵਤੀ ਸੀ ਤੇ 26 ਮਾਰਚ 2020 ਨੂੰ ਉਹ ਆਪਣਾ ਚੈੱਕਅਪ ਕਰਵਾਉਣ ਲਈ ਕਾਦੀਆਂ ਦੇ ਇਕ ਨਿੱਜੀ ਹਸਪਤਾਲ 'ਚ ਗਈ ਜਿੱਥੇ ਉਸ ਦਾ ਅਲਟਰਾਸਾਊਂਡ ਕਰਵਾਇਆ ਗਿਆ ਤੇ ਉੱਥੋਂ ਦੀ ਪ੍ਰਬੰਧਕ ਡਾ. ਸੈਲਜਾ ਨੇ ਇਲਾਜ ਲਈ ਸਰਕਾਰੀ ਹਸਪਤਾਲ ਕਾਦੀਆਂ ਜਾਣ ਲਈ ਕਿਹਾ। ਜਦ ਉੱਥੇ ਅਸੀਂ ਗਏ ਤਾਂ ਕੋਰੋਨਾ ਵਾਇਰਸ ਦੇ ਕਰਕੇ ਕਾਦੀਆਂ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਬਟਾਲਾ ਸ਼ਹਿਰ ਭੇਜ ਦਿੱਤਾ।

ਉਨ੍ਹਾਂ ਦੱਸਿਆ ਕਿ ਜਦ ਅਸੀਂ ਸਿਵਲ ਹਸਪਤਾਲ ਬਟਾਲਾ ਪਹੰੁਚੇ ਤਾਂ ਉੱਥੇ ਵੀ ਕੋਰੋਨਾ ਵਾਇਰਸ ਦੇ ਚੱਲਦਿਆਂ ਉਨ੍ਹਾਂ ਨੇ ਸਾਨੂੰ ਵਾਪਸ ਕਾਦੀਆਂ ਭੇਜ ਦਿੱਤਾ। ਅਸੀਂ ਕਾਦੀਆਂ ਦੁਬਾਰਾ ਆ ਕੇ ਉਕਤ ਨਿਜੀ ਹਸਪਤਾਲ ਦੀ ਡਾ. ਸੈਲਜ਼ਾ ਨਾਲ ਮੁੜ ਸੰਪਰਕ ਕੀਤਾ, ਜਿਸ ਨੇ ਇਲਾਜ ਲਈ 25 ਹਜ਼ਾਰ ਦੀ ਮੰਗ ਕੀਤੀ। ਬਾਅਦ 'ਚ ਅਸੀਂ 15 ਹਜ਼ਾਰ 'ਚ ਗੱਲ ਪੱਕੀ ਕਰਕੇ 5 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ। ਰੇਖਾ ਨੇ ਦੱਸਿਆ ਕਿ ਉਕਤ ਹਸਪਤਾਲ ਦੀ ਮਹਿਲਾ ਕਰਮਚਾਰੀ ਨੇ ਪੂਰੇ ਪੈਸਿਆਂ ਦੀ ਮੰਗ ਕੀਤੀ ਤੇ ਇਲਾਜ ਕਰਨ ਤੋਂ ਮਨਾਂ ਕਰ ਦਿੱਤਾ। ਇਸ ਤੋਂ ਬਾਅਦ ਅਸੀਂ ਅਗਲੇ ਦਿਨ ਪੈਸੇ ਲੈ ਕੇ ਹਸਪਤਾਲ 'ਚ ਡਿਲੀਵਰੀ ਲਈ ਗਏ ਤਾਂ ਅੱਗੋਂ ਉਕਤ ਹਸਪਤਾਲ ਵਾਲਿਆਂ ਨੇ ਗੇਟ ਨਾ ਖੋਲਿ੍ਹਆ। ਰੇਖਾ ਨੇ ਦੱਸਿਆ ਉਸ ਨੂੰ ਜਣੇਪੇ ਦੀਆਂ ਪੀੜ੍ਹਾ ਬਹੁਤ ਵੱਧ ਗਈਆਂ ਜਿੱਥੇ ਉਹ ਇਲਾਜ ਲਈ ਅਹਿਮਦੀਆ ਦੇ ਹਸਪਤਾਲ 'ਚ ਗਏ ਪਰ ਹਸਪਤਾਲ ਦੇ ਗੇਟ ਦੇ ਅੱਗੇ ਹੀ ਉਸ ਦੀ ਡਿਲੀਵਰੀ ਹੋ ਗਈ ਪਰ ਉਨ੍ਹਾਂ ਦਾ ਬੱਚਾ ਬਚ ਨਾ ਸਕਿਆ। ਉਨ੍ਹਾਂ ਕਥਿਤ ਦੋਸ਼ ਲਗਾਇਆ ਕਿ ਮੇਰੇ ਬੱਚੇ ਦੀ ਮੌਤ ਲਈ ਜਿੰਮੇਵਾਰ ਜੁਲਕਾ ਨਗਰ ਦੇ ਹਸਪਤਾਲ ਦੀ ਅਣਗਹਿਲੀ ਹੈ। ਇਸ ਮੌਕੇ ਲਿਪ ਆਗੂ ਵਿਜੇ ਤੇ੍ਹਨ ਨੇ ਕਿਹਾ ਕਿ ਪੀੜਤ ਪਰਿਵਾਰ ਨੇ ਇਨਸਾਫ ਲਈ ਥਾਣਾ ਕਾਦੀਆਂ ਦਰਖਾਸਤ ਦਿੱਤੀ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਪੀੜਤ ਮਹਿਲਾ ਨੂੰ ਇਨਸਾਫ ਨਾ ਦਿੱਤਾ ਤਾਂ ਲੋਕ ਇਨਸਾਫ ਪਾਰਟੀ ਮਜ਼ਬੂਰਨ ਸੰਘਰਸ਼ ਕਰੇਗੀ।

ਮਹਿਲਾ ਵੱਲੋਂ ਲਾਏ ਦੋਸ਼ਾਂ ਬੁਨਿਆਦ : ਡਾ. ਸ਼ੈਲਜਾ

ਇਸ ਸਬੰਧੀ ਜਦੋਂ ਕਾਦੀਆਂ ਦੇ ਡਾ. ਸ਼ੈਲਜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਤੇ ਲੱਗੇ ਦੋਸ਼ ਬੇਬੁਨਿਆਦ ਹਨ ਤੇ ਕੋਈ ਸਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਡਾਕਟਰ ਦੀ ਕੋਸ਼ਿਸ਼ ਹੁੰਦੀ ਹੈ ਮਰੀਜ ਨੂੰ ਮੈਡੀਕਲ ਸਹੂਲਤ ਦੇਣੀ ਅਤੇ ਉਹ ਕਦੇ ਵੀ ਕਿਸੇ ਮਰੀਜ ਨੂੰ ਗਲਤ ਗਾਇਡ ਨਹੀਂ ਕਰਦੇ।