ਸੰਜੀਵ ਘਈ, ਪਠਾਨਕੋਟ

ਹਲਕਾ ਸੁਜਾਨਪੁਰ ਵਿਚ ਪੈਂਦੀ ਖਾਨਪੁਰ ਤੋਂ ਮਾਧੋਪੁਰ ਰੋਡ ਦੀ ਖਸਤਾ ਹਾਲਤ ਸੜਕ ਨੂੰ ਲੈ ਕੇ ਵੀਰਵਾਰ ਨੂੰ ਜ਼ਿਲ੍ਹਾ ਪ੍ਰਧਾਨ ਵਿਜੈ ਸ਼ਰਮਾ ਦੀ ਅਗਵਾਈ ਭਾਜਪਾ ਵਰਕਰਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਜੈ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸੱਤਾ ਵਿਚ ਆਏ ਹੋਏ ਲਗਭਗ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪਠਾਨਕੋਟ ਦਾ ਕੋਈ ਵੀ ਵਿਕਾਸ ਕੀਤਾ ਗਿਆ ਜਿਸਦੀ ਮਿਸਾਲ ਹਲਕਾ ਸੁਜਾਨਪੁਰ ਵਿਚ ਪੈਂਦੀ ਖਾਨਪੁਰ ਤੋਂ ਮਾਧੋਪੁਰ ਰੋਡ ਦੀ ਖਸਤਾ ਹਾਲਤ ਸੜਕ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਠਾਨਕੋਟ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਦਾ ਵਿਕਾਸ ਨਾ ਕਰਵਾਉਣ ਦੇ ਚਲਦਿਆਂ ਸਥਾਨਕ ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਚੋਣਾਂ 'ਚ ਲੋਕ ਕਾਂਗਰਸ ਪਾਰਟੀ ਨੂੰ ਸਿਰੇ ਤੋਂ ਨਕਾਰ ਦੇਣਗੇ। ਇਸ ਮੌਕੇ ਜਗਮੋਹਨ ਜੱਗਾ, ਮੰਡਲ ਪ੍ਰਧਾਨ ਸੁਜਾਨਪੁਰ ਰਿਸ਼ੀ ਪਠਾਨੀਆ, ਮੰਡਲ ਪ੍ਰਧਾਨ ਵਰੁਣ ਵਿੱਕੀ, ਭਾਜਪਾ ਯੁਵਾ ਮੋਰਚਾ ਪ੍ਰਧਾਨ ਬਖਸ਼ੀਸ਼ ਸਿੰਘ, ਯੁਵਰਾਜ ਸਿੰਘ, ਐਡਵੋਕੇਟ ਜੇਪੀ ਸਿੰਘ, ਮੱਖਣ ਸਿੰਘ, ਸੁਰੇਸ਼ ਸਿੰਘ ਸਰਪੰਚ ਆਦਿ ਮੌਜੂਦ ਸਨ।