ਆਕਾਸ਼, ਗੁਰਦਾਸਪੁਰ

ਪੰਜਾਬ ਨੂੰ ਹਰਾ ਭਰਾ ਬਣਾਕੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਦੇ ਸਰਕਾਰੀ ਦਾਅਵਿਆਂ ਦੀ ਫੂਕ ਉਸ ਸਮੇਂ ਨਿਕਲ ਗਈ ਹੈ ਜਦੋਂ ਜੰਗਲਾਤ ਵਿਭਾਗ ਪੰਜਾਬ ਵੱਲੋਂ ਅਪਣੀ ਸਾਲ 2020-21 ਦੇ ਭਵਿੱਖੀ ਯੋਜਨਾਵਾਂ ਦਾ ਖਰੜਾ ਅਜੇ ਤਕ ਪਾਸ ਨਾ ਹੋਣ ਕਰਕੇ ਜੰਗਲਾਤ ਵਿਭਾਗ ਦੇ ਸੈਂਕੜੇ ਵਰਕਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਜਾਰੀ ਨਹੀਂ ਹੋ ਸਕੀਆਂ। ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਅਤੇ ਗੁਰਦਾਸਪੁਰ ਦੇ ਜਿਲਾ ਪ੍ਰਧਾਨ ਨਿਰਮਲ ਸਿੰਘ ਸਰਵਾਲੀ ਨੇ ਪੰਜਾਬ ਸਰਕਾਰ ਦੀ ਮਜਦੂਰ ਮਾਰੂ ਨੀਤੀਆਂ ਦਾ ਪਰਦਾਫਾਸ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਸਰਕਾਰ ਨੇ ਕਰੋਨਾ ਮਹਾਂਮਾਰੀ ਦਾ ਬਹਾਨਾ ਲਗਾ ਕੇ ਹੱਕਾਂ ਦੀ ਆਵਾਜ਼ ਨੂੰ ਕੁਚਲਣ ਲਈ ਧਰਨਾ ਮੁਜ਼ਾਹਰਾ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਹੱਕ ਮੰਗਦੇ ਲੋਕਾਂ ਉਪਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਸਰਕਾਰ ਦੀ ਸਾਰੀ ਪ੍ਰਸਾਸਨਿਕ ਮਸੀਨਰੀ ਨੇ ਅਵਾਮ ਦੀਆਂ ਸਮੱਸਿਆਂਵਾਂ ਸੁਣਨ ਤੋਂ ਆਕੀ ਹੋਕੇ ਆਪਣੇ ਦਫਤਰਾਂ ਦੇ ਬੂਹੇ ਬੰਦ ਕਰ ਲਏ ਹਨ।

ਇਸ ਮੌਕੇ ਡੈਮੋਕ੍ਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਗੁਰਦਾਸਪੁਰ ਦੇ ਆਗੂ ਅਸਵਨੀ ਕੁਮਾਰ ਕਲਾਨੌਰ ਦਵਿੰਦਰ ਸਿੰਘ ਕਾਦੀਆਂ ਨੇ ਸਰਕਾਰ ਤੇ ਦੋਸ ਲਾਇਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੀਆਂ ਮੰਗਾਂ ਲਈ ਮੋਬਾਈਲ ਫੋਨ ਤੇ ਗੱਲਬਾਤ ਕਰਨ ਦੀ ਹਦਾਇਤ ਕੀਤੀ ਹੈ ਪਰ ਉਹਨਾਂ ਕੋਲ ਆਧੁਨਿਕ ਡਿਜੀਟਲ ਸਾਧਨ ਨਾ ਹੋਣ ਕਰਕੇ ਆਪਣੀਆਂ ਦੁੱਖ ਤਕਲੀਫ ਕਿਸੇ ਨੂੰ ਦੱਸ ਨਹੀਂ ਸਕਦੇ। ਵਣ ਮਹਾਂਉਤਸਵ ਦਾ ਸਮਾਂ ਆਉਣ ਤੇ ਵੀ ਬੂਟੇ ਲਾਉਣ ਦਾ ਕੰਮ ਸ਼ੁਰੂ ਨਾ ਹੋਣ ਤੇ ਉਨ੍ਹਾਂ ਦਾ ਰੁਜ਼ਗਾਰ ਖੁੱਸਣ ਦਾ ਖਦਸਾ ਬਣਿਆ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦਾ ਬਹਾਨਾ ਬਣਾ ਕੇ ਕਿਰਤੀਆਂ ਦੀ ਤਨਖਾਹ ਵਧਾਉਣ ਵਾਲਾ ਪੱਤਰ ਪਹਿਲੀ ਮਈ ਨੂੰ ਵਾਪਸ ਲੈ ਲਿਆ ਹੈ। ਮਾਰਚ ਮਹੀਨੇ ਲਾਕ ਡਾਊਨ ਸਮੇਂ ਦੀ ਕੱਟੀ ਤਨਖਾਹ ਵੀ ਅਜੇ ਜਾਰੀ ਨਹੀਂ ਕੀਤੀ।ਉਧਰ ਡੈਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸ਼ਾਸਤਰੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੰਗਲਾਤ ਮੁਲਾਜਮਾਂ ਦੀ ਬਣਦੀ ਤਨਖਾਹ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ ਅਤੇ ਵੀਹ ਵੀਹ ਸਾਲ ਤੋਂ ਕੰਮ ਕਰਦੇ ਹੋਏ ਕੱਚੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ । ਇਸ ਸਮੇਂ ਬਲਵੀਰ ਸਿੰਘ ਬਲਕਾਰ ਸਿੰਘ, ਨਰਿੰਦਰ ਸਿੰਘ ਕਾਦੀਆਂ, ਮੰਗਲ ਸਿੰਘ , ਕਸ਼ਮੀਰ ਸਿੰਘ, ਰਣਧੀਰ ਸਿੰਘ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ ਹਾਜ਼ਰ ਸਨ।