ਪੱਤਰ ਪੇ੍ਰਕ, ਫ਼ਤਹਿਗੜ੍ਹ ਚੂੜੀਆਂ : ਹਲਕਾ ਫ਼ਤਹਿਗੜ੍ਹ ਚੂੜੀਆਂ ਵਾਰਡ ਨੰਬਰ ਦੋ ਦਾ ਡੇਵਡ ਮਸੀਹ ਪੁੱਤਰ ਕਮਲ ਮਸੀਹ ਜੋ ਅੰਗ ਹੀਣ ਹੋਣ ਦੇ ਬਾਵਜੂਦ ਦੁਨੀਆਂ ਲਈ ਮਿਸਾਲ ਬਣ ਚੁੱਕਾ ਹੈ। ਡੇਵਡ ਮਸੀਹ ਨਾਲ ਹੋਈ ਇੱਕ ਇੰਟਰਵਿਊ ਦੌਰਾਨ ਉਸ ਨੇ ਆਪਣੇ ਜੀਵਨ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਉਸ ਦਾ ਸਰੀਰ ਧੜ ਤੋਂ ਧੱਲੇ ਬਿਲਕੁਲ ਹੀ ਕੰਮ ਨਹੀਂ ਕਰਦਾ ਉਹ ਆਪਣੀਆਂ ਭੌੜੀਆਂ ਦੇ ਸਹਾਰੇ ਇਧਰ ਉਧਰ ਜਾ ਸਕਦਾ ਹੈ। ਆਪਣੀ ਦਾਸਤਾਨ ਵਿੱਚ ਦੱਸਿਆ ਕਿ ਉਸ ਦੇ ਪਿਤਾ ਮਿਹਨਤ ਮਜਦੂਰੀ ਕਰਦੇ ਸਨ ਜਿਸ ਕਰਕੇ ਘਰ ਵਿੱਚ ਹਮੇਸ਼ਾਂ ਗਰੀਬੀ ਹੀ ਰਹੀ ਸੀ ਪੈਸਿਆਂ ਦੀ ਕਮੀ ਹੋਣ ਦੇ ਕਾਰਣ ਉਸ ਨੇ ਸਰਕਾਰੀ ਸਕੂਲ ਤੋਂ ਵਿਦਿਆ ਹਾਸਲ ਕੀਤੀ ਸੀ ਅੱਗੇ ਪੜ੍ਹਾਈ ਨਾਂ ਹੋ ਸਕੀ ਕਿਉਂਕਿ ਘਰ ਵਿੱਚ ਇਕੱਲੇ ਪਿਤਾ ਹੀ ਕਮਾਉਣ ਵਾਲੇ ਅਤੇ ਬਾਕੀ ਜੀਅ ਖਾਣ ਵਾਲੇ ਸਨ। ਡੇਵਡ ਨੇ ਆਪਣੀ ਪੜ੍ਹਾਈ ਰੋਕ ਕੇ ਇੱਟਾਂ ਦੀ ਰੋੜੀ ਕੁੱਟਣ ਦੀ ਮਜਦੂਰੀ ਕਰਨੀ ਸ਼ੁਰੂ ਕਰ ਦਿੱਤੀ ਇਸੇ ਦੌਰਾਨ ਅਠਾਰਾਂ ਸਾਲ ਦੀ ਉਮਰ 'ਚ ਡੇਵਡ ਦਾ ਵਿਆਹ ਹੋ ਗਿਆ ਅਤੇ ਉਸ ਦੇ ਘਰ ਇੱਕ ਬੇਟੀ ਮਾਨਸੀ ਨੇ ਜਨਮ ਲਿਆ ਜੋ ਦੱਸ ਸਾਲ ਦੀ ਹੋ ਚੁੱਕੀ ਹੈ। ਉਸ ਦੇ ਦੋ ਬੇਟੇ ਰੋਹਨ ਅਤੇ ਅਨਮੋਲ ਅੱਠ ਅਤੇ ਛੇ ਸਾਲ ਦੇ ਹਨ। ਡੇਵਡ ਰੋੜੀ ਕੁੱਟਦਾ ਰਿਹਾ ਪਰਿਵਾਰ ਪਾਲਣ ਦੇ ਨਾਲ ਨਾਲ ਉਹ ਆਪਣੀ ਮਜਦੂਰੀ ਵਿੱਚੋਂ ਥੋੜੀ ਥੋੜੀ ਬੱਚਤ ਕਰਦਾ ਰਿਹਾ ਅਤੇ ਪੰਜਾਬ ਗ੍ਰਾਮੀਣ ਬੈਂਕ ਫ਼ਤਹਿਗੜ੍ਹ ਚੂੜੀਆਂ ਤੋਂ ਕਰਜਾ ਲੈ ਕੇ ਤਿੰਨ ਪਹੀਆ ਆਟੋ ਲੈ ਲਿਆ। ਉਸ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਪਹਿਲਾਂ ਟੈਪੂ ਚਲਾਉਣ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਅੱਜ ਉਹ ਆਪਣਾ ਪਰਿਵਾਰ ਪਾਲਣ ਦੇ ਨਾਲ ਟੈਂਪੂ ਦੀ ਕਿਸ਼ਤ ਤਿੰਨ ਸਾਲ ਤੋਂ ਲਗਾਤਾਰ ਬੈਂਕ ਨੂੰ ਦੇ ਰਿਹਾ ਹੈ। ਉਸ ਨੇ ਦੱਸਿਆ ਕਿ ਸਰਕਾਰ ਵੱਲੋਂ ਮੈਨੂੰ ਅੰਗ ਹੀਣ ਦਾ ਸਰਟੀਫਿਕੇਟ ਤਾਂ ਮਿਲ ਚੁੱਕਾ ਹੈ ਪਰ ਉਸ ਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿੱਲ ਸਕੀ। ਡੇਵਡ ਨੇ ਦੱਸਿਆ ਕਿ ਦੋ ਕੁ ਮਹੀਨੇ ਪਹਿਲਾਂ ਉਸ ਦਾ ਪਿਤਾ ਉਸ ਦਾ ਸਾਥ ਛੱਡ ਚੁੱਕਾ ਹੈ। ਉਹ ਅੱਜ ਵੀ ਆਪਣੀ ਮਿਹਨਤ ਨੂੰ ਹੀ ਆਪਣੀ ਬੰਦਗੀ ਸਮਝਦਾ ਹੈ। ਉਹ ਅੰਗ ਹੀਣ ਦੇ ਬਾਵਜੂਦ ਤੇ ਵੀ ਆਪਣੇ ਬੱਚਿਆਂ ਨੂੰ ਉਚੀਆਂ ਮੰਜਿਲਾਂ ਸਰ ਕਰਨ ਲਈ ਹਮੇਸ਼ਾਂ ਪੇ੍ਰਣਾ ਦਿੰਦਾ ਰਹਿਦਾ ਹੈ।