ਨੀਟਾ ਮਾਹਲ, ਕਾਦੀਆਂ

ਕਾਦੀਆਂ ਦੇ ਹਰਚੋਵਾਲ ਰੋਡ ਨਜ਼ਦੀਕ ਸਿਵਲ ਲਾਈਨ ਚੌਕ 'ਚ ਦੁਕਾਨਾਂ ਦੇ ਉੱਤੇ ਪੈ ਰਹੇ ਲੈਂਟਰ ਦੌਰਾਨ ਕਰੰਟ ਲੱਗਣ ਨਾਲ ਦੋ ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਜ਼ਖ਼ਮੀ ਸੰਦੀਪ ਸਿੰਘ ਪੁੱਤਰ ਬਲਦੇਵ ਸਿੰਘ ਦੀ ਭੈਣ ਸਰਬਜੀਤ ਕੌਰ ਵਾਸੀ ਅੌਲਖ ਨੇ ਦੱਸਿਆ ਕਿ ਉਸ ਦੇ ਦੋ ਭਰਾ ਤੇ ਇੱਕ ਹੋਰ ਨੌਜਵਾਨ ਦੁਕਾਨਾਂ 'ਤੇ ਲੈਂਟਰ ਲਈ ਜਾਲ ਬੰਨ੍ਹ ਰਹੇ ਸੀ। ਇਸ ਦੌਰਾਨ ਦੁਕਾਨਾਂ 'ਤੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਅਚਾਨਕ ਲੋਹੇ ਦਾ ਪਾਈਪ ਛੂਹ ਗਿਆ, ਜਿਸ ਕਾਰਨ ਕਰੰਟ ਨਾਲ ਤਿੰਨੋਂ ਜ਼ਖਮੀ ਹੋ ਗਏ। ਉਸ ਨੇ ਦੱਸਿਆ ਕਿ ਉਸ ਦਾ ਇੱਕ ਭਰਾ ਸੰਦੀਪ ਸਿੰਘ ਜਿਸ ਦੀ ਹਾਲਤ ਕਾਫੀ ਨਾਜ਼ੁਕ ਹੈ ਤੇ ਦੋ ਨੌਜਵਾਨ ਜੋ ਕਿ ਖਤਰੇ ਤੋਂ ਬਾਹਰ ਹਨ। ਪੀੜਤ ਪਰਿਵਾਰ ਨੇ ਦੁਕਾਨ ਮਾਲਕਾਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਬਹੁਤ ਹੀ ਗਰੀਬ ਪਰਿਵਾਰ ਹੈ ਅਤੇ ਉਨ੍ਹਾਂ ਦਾ ਇਲਾਜ ਸਹੀ ਤਰੀਕੇ ਨਾਲ ਕਰਵਾਇਆ ਜਾਵੇ। ਉਧਰ ਸੂਚਨਾ ਮਿਲਦਿਆਂ ਨਿਰਮਾਣ ਮਜਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਾਤਾਰ ਸਿੰਘ ਠੱਕਰ ਸੰਧੂ ਮੌਕੇ 'ਤੇ ਪੁੱਜੇ ਅਤੇ ਪੀੜਤ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਯੂਨੀਅਨ ਦੇ ਵੱਲੋਂ ਪੂਰਾ ਸਾਥ ਦੇਣਗੇ ਅਤੇ ਜਿਨ੍ਹਾਂ ਲੋਕਾਂ ਦੀਆਂ ਦੁਕਾਨਾਂ ਦੇ ਉੱਤੇ ਇਨ੍ਹਾਂ ਨੌਜਵਾਨਾਂ ਨੂੰ ਕਰੰਟ ਲੱਗਿਆ ਉਨ੍ਹਾਂ ਮਾਲਕਾਂ ਦੇ ਕੋਲੋਂ ਵੀ ਇਨ੍ਹਾਂ ਦੀ ਪੂਰੀ ਮਦਦ ਕਰਵਾਈ ਜਾਵੇਗੀ।