ਆਕਾਸ਼, ਗੁਰਦਾਸਪੁਰ

ਅੱਜ ਆਮ ਆਦਮੀ ਪਾਰਟੀ ਦੀ ਐੱਸ.ਸੀ ਵਿੰਗ ਜ਼ਿਲਾ ਇਕਾਈ ਵੱਲੋਂ ਪੰਜਾਬ ਦੇ ਲੱਖਾਂ ਲਾਭਪਾਤਰੀਆਂ ਦੇ ਕੱਟੇ ਗਏ ਰਾਸ਼ਨ ਕਾਰਡ ਅਤੇ ਕਾਣੀ ਰਾਸ਼ਨ ਵੰਡ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਧਰਨਾ ਦਿੱਤਾ ਗਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ 'ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ 'ਤੇ ਐੱਸ.ਸੀ ਵਿੰਗ ਦੇ ਪ੍ਰਧਾਨ ਸੂਬੇਦਾਰ ਕੁਲਵੰਤ ਸਿੰਘ, ਭਾਰਤ ਭੂਸ਼ਣ ਸਮੇਤ ਹੋਰ ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ 'ਚ ਦੱਸਿਆ ਕਿ ਸਾਰੀ ਦੁਨੀਆਂ ਦੀਆਂ ਸਰਕਾਰਾਂ ਚੱਲ ਰਹੇ ਕੋਰੋਨਾ ਮਹਾਂਮਾਰੀ ਕਾਰਨ ਸਾਰੇ ਕਾਰੋਬਾਰ ਵਿਚ ਖੜੋਤ ਆਉਣ ਕਰਕੇ ਆਪਣੇ ਨਾਗਰਿਕਾਂ ਨੂੰ ਵੱਖ ਵੱਖ ਰਿਆਇਤਾਂ ਰਾਹੀਂ ਉਨ੍ਹਾਂ ਦੀ ਬਾਂਹ ਫੜ ਕੇ ਉਨ੍ਹਾਂ ਦੀ ਮਦਦ ਕਰਨ ਵਿਚ ਯਤਨਸ਼ੀਨ ਹਨ, ਉਥੇ ਤੁਹਾਡੀ ਰਹਿਨੁਮਾਈ ਹੇਠ ਤੁਹਾਡੀ ਪਾਰਟੀ ਦੇ ਨੁਮਾਇੰਦੇ ਅਤੇ ਆਗੂ , ਨਾਗਰਿਕਾਂ ਦੀ ਕੋਈ ਮਦਦ ਕਰਨ ਦੀ ਬਿਜਾਏ, ਉਨ੍ਹਾਂ ਦੇ ਹੱਕ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਈ ਇਸ ਮੁਸ਼ਕਲ ਘੜੀ 'ਚ ਸਰਕਾਰ ਨੂੰ ਹਰ ਲੋੜਵੰਦ ਗਰੀਬ ਅਤੇ ਯੋਗ ਦਲਿਤ ਪਰਿਵਾਰ ਦੀ ਬਾਂਹ ਫੜਨੀ ਚਾਹੀਦੀ ਸੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਰਾਸ਼ਨ ਦੀ ਹੋਮ ਡਿਲਵਰੀ ਕਰਨੀ ਚਾਹੀਦੀ ਸੀ, ਪਰ ਅਜਿਹਾ ਨਾ ਕਰਕੇ ਸਰਕਾਰ ਨੇ ਸਾਰੀਆਂ ਕਲਿਆਣਕਾਰੀ ਯੋਜਨਾਵਾਂ ਦਾ ਕਾਂਗਰਸੀਕਰਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ 70725 ਮੀਟਰਿਕ ਟਨ ਅਨਾਜ ਤੇ 10 ਹਜ਼ਾਰ ਮੀਟਰਿਕ ਟਨ ਦਾਲਾਂ ਪੰਜਾਬ ਲਈ ਭੇਜੀਆ ਪਰ ਇਹ ਰਾਸ਼ਨ ਲੋਕਾਂ ਨੂੰ ਵੰਡਿਆ ਹੀ ਨਹੀਂ ਗਿਆ। ਜਦਕਿ ਦਲਿਤ ਵਰਗ ਨਾਲ ਸੰਬੰਧਿਤ ਕਈ ਲੋਕਾਂ ਦੇ ਨੀਲੇ ਕਾਰਡ ਹੀ ਰੱਦ ਕਰਵਾ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਦੁਬਾਰਾ ਗਰੀਬਾਂ ਅਤੇ ਦਲਿਤ ਲੋੜਵੰਦਾਂ ਦੇ ਕੱਟੇ ਰਾਸ਼ਨ ਕਾਰਡ ਨਾ ਬਣਾਏ ਗਏ ਤਾਂ ਆਮ ਆਦਮੀ ਪਾਰਟੀ ਪੰਜਾਬ ਦਾ ਐਸ.ਸੀ ਵਿੰਗ ਸਰਕਾਰ ਖਿਲਾਫ ਸੂਬਾ ਪੱਧਰੀ ਮੋਰਚਾ ਖੋਲੇਗਾ। ਇਸ ਮੌਕੇ 'ਤੇ ਬਲਜਿੰਦਰ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸੀ।