ਕੁਲਦੀਪ ਜਾਫਲਪੁਰ, ਕਾਹਨੂੰਵਾਨ

ਜ਼ਿਲ੍ਹਾ ਗੁਰਦਾਸਪੁਰ ਦੇ ਇਕਾਂਤਵਾਸ ਕੇਂਦਰ ਸੇਖਵਾਂ ਵਿੱਚ ਰੱਖੇ ਗਏ 36 ਐੱਨ ਆਰ ਆਈ ਲੋਕਾਂ ਵਿੱਚੋਂ 20 ਦੀਆਂ ਰਿਪੋਰਟਾਂ ਨੈਗਟਿਵ ਆਉਣ ਕਾਰਨ ਉਨ੍ਹਾਂ ਨੂੰ ਘਰੋਂ ਘਰੀ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਕੇਂਦਰ ਵਿੱਚ ਹੋਰ 14 ਨਵੇਂ ਐਨਆਰਆਈ ਇਕਾਂਤਵਾਸ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ 8 ਦੇ ਸੈਂਪਲ ਭੇਜ ਦਿੱਤੇ ਗਏ ਹਨ। ਇਸ ਸਬੰਧੀ ਅਹਿਮ ਜਾਣਕਾਰੀ ਦਿੰਦੇ ਹੋਏ ਏਐਮਓ ਰਸ਼ਪਾਲ ਸਿੰਘ ਅਤੇ ਡਾ ਦਵਿੰਦਰ ਕੌਰ ਨੇ ਦੱਸਿਆ ਕਿ ਕੇਂਦਰ ਵਿੱਚ ਕੁੱਲ 36 ਲੋਕ ਸਨ। ਅੱਜ ਜਿਨ੍ਹਾਂ ਦੀ ਰਿਪੋਰਟ ਨੈਗਟਿਵ ਆਈ ਹੈ ਉਨ੍ਹਾਂ ਨੂੰ 7 ਦਿਨਾਂ ਲਈ ਘਰਾਂ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿੱਛੇ ਰਹਿ ਗਏ 30 ਵਿਦੇਸ਼ੀ ਲੋਕਾਂ ਵਿੱਚੋਂ ਬਹੁਤੇ ਹੁਣੇ ਹੁਣੇ ਹੀ ਪਰਤੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸਨ ਅਤੇ ਸਿਹਤ ਪ੍ਰਸ਼ਾਸਨ ਵੱਲੋਂ ਇੱਥੇ ਰਹਿ ਰਹੇ ਐੱਨ ਆਰ ਆਈ ਲੋਕਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾ ਰਹੀ ਹੈ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਦਾ ਵਤੀਰਾ ਵੀ ਮੈਡੀਕਲ ਟੀਮਾਂ ਅਤੇ ਪ੍ਰਸ਼ਾਸਨ ਨਾਲ ਬਹੁਤ ਹੀ ਮਿਲਣਸਾਰ ਹੈ। ਉਹਨਾਂ ਦੱਸਿਆ ਕਿ ਇਥੇ ਰਹਿੰਦੇ ਲੋਕਾਂ ਦਾ ਰੋਜਾਨਾ ਸਿਹਤ ਦਾ ਮੁਆਇਨਾ ਹੁੰਦਾ ਹੈ ਅਤੇ ਸਕਰੀਨਿੰਗ ਵੀ ਕੀਤੀ ਜਾਂਦੀ ਹੈ।