ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਕਲਾਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਬਣਾਏ ਆਈਸੋਲੇਸ਼ਨ ਵਾਰਡ 'ਚ ਦੁਬਈ ਤੇ ਕੁਵੈਤ ਤੋਂ ਪੁੱਜੇ ਨੌਜਵਾਨਾਂ ਵੱਲੋਂ ਪ੍ਰਬੰਧਾਂ ਦੀ ਘਾਟ ਕਾਰਨ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਨੌਜਵਾਨਾਂ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡ ਦੇ ਕਰਮਚਾਰੀਆਂ ਵੱਲੋਂ ਉਨ੍ਹਾਂ ਦੀ ਕੋਈ ਵੀ ਸਹਾਇਤਾ ਨਹੀਂ ਕੀਤੀ ਜਾ ਰਹੀ ਤੇ ਆਈਸੋਲੇਸ਼ਨ ਵਾਰਡ 'ਚ ਉਨ੍ਹਾਂ ਨਾਲ ਜਾਨਵਰਾਂ ਨਾਲੋਂ ਵੀ ਮਾੜਾ ਹਾਲ ਹੋ ਰਿਹਾ ਹੈ। ਵਾਰਡ 'ਚ ਉਨ੍ਹਾਂ ਲਾਈਟ ਲਈ ਖੁਦ ਮੁੱਲ ਬੱਲਬ ਲਗਾਉਣ ਤੋਂ ਇਲਾਵਾ ਕਮਰਿਆਂ ਦੀ ਸਫਾਈ ਵੀ ਖੁਦ ਕਰਨੀ ਪਈ ਹੈ। ਆਈਸੋਲੇਸ਼ਨ ਵਾਰਡ 'ਚ ਰੱਖਣ ਦੇ ਬਾਵਜੂਦ ਵੀ ਹਾਲੇ ਤਕ ਉਨ੍ਹਾਂ ਦੀ ਸੈਂਪਲਿੰਗ ਨਹੀਂ ਕੀਤੀ ਗਈ।

ਗ਼ਲਤੀ ਕਾਰਨ ਦੁਬਈ ਤੋਂ ਪਰਤੇ 23 ਨੌਜਵਾਨਾਂ ਨੇ ਪ੍ਰਗਟਾਇਆ ਰੋਸ

ਸ਼ੁੱਕਰਵਾਰ ਨੂੰ ਆਈਸੋਲੇਸ਼ਨ ਵਾਰਡ ਕਲਾਨੌਰ 'ਚ ਪ੍ਰਸ਼ਾਸਨ ਦੀ ਗ਼ਲਤੀ ਕਾਰਨ ਦੁਬਈ ਤੋਂ ਪੁੱਜੇ ਨੌਜਵਾਨਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕੁਲਦੀਪ ਸਿੰਘ, ਗੁਰਮੁਖ ਸਿੰਘ, ਪ੍ਰਭਜੀਤ ਸਿੰਘ, ਸਰਦੂਲ ਸਿੰਘ, ਦਿਲਬਾਗ ਸਿੰਘ, ਸਿਮਰਜੀਤ ਸਿੰਘ, ਸਮਸ਼ੇਰ ਸਿੰਘ, ਸੁਰਤ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ 5 ਵਜੇ ਉਹ ਚੰਡੀਗੜ੍ਹ ਜਹਾਜ਼ ਰਾਹੀਂ ਪੁੱਜੇ ਸਨ ਜਿੱਥੋਂ ਉਨ੍ਹਾਂ ਨੂੰ ਬਟਾਲਾ ਲਿਆਉਣ ਉਪਰੰਤ ਅੱਜ 11 ਵਜੇ ਕਲਾਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣਾਈ ਆਈਸੋਲੇਸ਼ਨ ਵਾਰਡ ਵਿਚ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਸਾਰਾ ਦਿਨ ਦੁਪਹਿਰ ਤੋਂ ਬਾਅਦ ਵੀ ਉਨ੍ਹਾਂ ਨੂੰ ਖਾਣ ਲਈ ਰੋਟੀ/ਲੰਗਰ ਮੁਹੱਈਆ ਨਹੀਂ ਕਰਵਾਇਆ ਗਿਆ। ਉਨ੍ਹਾਂ ਕੈਪਟਨ ਸਰਕਾਰ ਅਤੇ ਕਲਾਨੌਰ ਪ੍ਰਸ਼ਾਸਨ ਖਿਲਾਫ਼ ਵੀ ਰੋਸ ਪ੍ਰਦਰਸ਼ਨ ਕੀਤਾ।

ਇਸ ਸਬੰਧੀ ਸਬ ਡਵੀਜ਼ਨ ਕਲਾਨੌਰ ਦੇ ਐੱਸਡੀਐੱਮ ਗੁਰਸਿਮਰਨ ਸਿੰਘ ਿਢੱਲੋਂ ਨੇ ਕਿਹਾ ਕਿ ਆਈਸੋਲੇਸ਼ਨ ਵਾਰਡ ਕਲਾਨੌਰ ਵਿੱਚ ਸਾਰੇ ਪ੍ਰਬੰਧਾਂ ਮੁਕੰਮਲ ਕੀਤੇ ਹੋਏ ਹਨ। ਇਸ ਤੋਂ ਇਲਾਵਾ ਦੁਬਈ ਤੋਂ ਪਰਤੇ ਨੌਜਵਾਨ ਗਲਤੀ ਨਾਲ ਆਈਸੋਲੇਸ਼ਨ ਵਾਰਡ ਕਰਨ ਪੁੱਜ ਗਏ ਹਨ ਜਿਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ।