ਰਮੇਸ਼ ਅਠਵਾਲ, ਪੰਜਗਰਾਈਆਂ

ਕਸਬਾ ਪੰਜਗਰਾਈਆਂ ਦੇ ਮੇਨ ਬਾਜ਼ਾਰ ਵਿੱਚ ਚੋਰਾਂ ਵੱਲੋਂ ਇੱਕੋ ਰਾਤ 'ਚ ਤਿੰਨ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਅਤੇ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰਾਂ ਵੱਲੋਂ ਸੰਧੂ ਜਨਰਲ ਸਟੋਰ, ਫੌਜੀ ਕਲਾਥ ਹਾਊਸ ਅਤੇ ਰਾਜੂ ਕਲਾਥ ਹਾਊਸ ਤਿੰਨਾਂ ਦੁਕਾਨਾਂ ਨੂੰ ਇਕੋ ਸਮੇਂ ਨਿਸ਼ਾਨਾ ਬਣਾਇਆ ਅਤੇ ਨਕਦੀ ਤੇ ਸਾਮਾਨ ਲੁੱਟ ਕੇ ਫਰਾਰ ਹੋ ਗਏ। ਸਵੇਰੇ ਜਦੋਂ ਦੁਕਾਨਦਾਰਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਚੌਂਕੀ ਪੰਜਗਰਾਈਆਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਉਪਰੰਤ ਚੌਂਕੀ ਇੰਚਾਰਜ ਹਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਚੋਰੀ ਦੀ ਘਟਨਾ ਦਾ ਜਾਇਜਾ ਲਿਆ। ਚੋਰਾਂ ਵੱਲੋਂ ਸੰਧੂ ਜਨਰਲ ਸਟੋਰ ਵਿੱਚੋਂ ਤਕਰੀਬਨ ਅੱਠ ਹਜ਼ਾਰ ਨਗਦ ਅਤੇ ਕੁਝ ਹੋਰ ਸਾਮਾਨ ਅਤੇ ਫੌਜੀ ਕਲਾਥ ਵਿੱਚੋਂ 40 ਹਜ਼ਾਰ ਨਗਦ ਅਤੇ ਰੈਡੀਮੈਂਟ ਦੇ ਕੱਪੜੇ ਚੋਰੀ ਕਰ ਲਏ ਹਨ। ਇਸੇ ਤਰ੍ਹਾਂ ਹੀ ਰਾਜੂ ਕਲਾਥ ਹਾਊਸ ਵਿੱਚੋਂ 25 ਹਜਾਰ ਨਗਦ ਅਤੇ ਕੱਪੜੇ ਚੋਰੀ ਕੀਤੇ ਗਏ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਤ ਨੂੰ ਪੁਲਿਸ ਪਾਰਟੀ ਵੱਲੋਂ ਗਸ਼ਤ ਤੇਜ ਕਰਕੇ ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।