ਕੁਲਦੀਪ ਸਲਗਾਨੀਆ, ਕਿਲ੍ਹਾ ਲਾਲ ਸਿੰਘ

ਡੇਰਾ ਬਾਬਾ ਨਾਨਕ ਰੋਡ ਤੇ ਪੈਦੇ ਪਿੰਡ ਕਿਲ੍ਹਾ ਲਾਲ ਸਿੰਘ ਦੇ ਨਜਦੀਕ ਤੋਂ ਗੁਜਰਦਾ ਕੋਟ ਕਰਮ ਚੰਦ ਰਜਵਾਹਾ ਜੋ ਕਿ ਪਿੰਡ ਕਿਲ੍ਹਾ ਲਾਲ ਸਿੰਘ ਦੇ ਨਿਕਾਸੀ ਨਾਲ ਦੇ ਵੀ ਕੰਮ ਕਰਦਾ ਹੈ। ਇਸ ਰਜਵਾਹੇ ਦੀ ਪਿਛਲੇ 15 ਸਾਲਾਂ ਤੋਂ ਮਹਿਕਮੇ ਨੇ ਕੋਈ ਸਾਰ ਨਹੀਂ ਲਈ ਸੀ ਤੇ ਇਹ ਰਜਵਾਹਾ ਪੂਰੀ ਤਰ੍ਹਾਂ ਗੰਦਗੀ ਨਾਲ ਭੁਰ ਚੁੱਕਾ ਸੀ ਜਿਸ ਤੋਂ ਲੋਕਾਂ ਨੂੰ ਪੇਸ਼ ਆ ਰਹੀ ਇਸ ਸਮੱਸਿਆ ਨੂੰ ਦੇਖਦਿਆਂ ਪੰਜਾਬੀ ਜਾਗਰਣ ਵੱਲੋਂ ਪ੍ਰਮੁੱਖਤਾ ਨਾਲ ਇਸ ਖ਼ਬਰ ਨੂੰ ਛਾਪਿਆ ਤੇ ਪ੍ਰਸ਼ਾਸਨ ਅਤੇ ਸਬੰਧਤ ਮਹਿਕਮੇ ਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ ਜਿਸ ਦੇ ਸਿੱਟੇ ਵਜੋਂ ਪਿਛਲੇ ਸਾਲ ਇਸ ਰਜਵਾਹੇ ਦੀ ਮਹਿਕਮੇ ਵੱਲੋਂ ਸਫਾਈ ਕਰਵਾ ਇਸ ਵਿਚ ਪਾਣੀ ਛੱਡ ਦਿੱਤਾ ਗਿਆ ਸੀ ਜਿਸ ਤੇ ਇਲਾਕਾ ਵਾਸੀਆਂ ਵੱਲੋਂ ਸੁੱਖ ਦਾ ਸਾਹ ਲੈਂਦਿਆਂ ਪੰਜਾਬੀ ਜਾਗਰਣ ਦਾ ਧੰਨਵਾਦ ਕੀਤਾ ਗਿਆ ਸੀ ਪਰ ਹੁਣ ਇਸ ਰਜਵਾਹੇ ਦੀ ਹਾਲਤ ਫਿਰ ਤੋਂ ਖਰਾਬ ਹੋ ਚੁੱਕੀ ਹੈ। ਰਜਵਾਹੇ ਵਿਚ ਬੂਟੀ ਤੇ ਗੰਦਗੀ ਨੇ ਰਾਜ ਕਾਇਮ ਕਰ ਲਿਆ ਹੈ। ਕਰੀਬ ਇਕ ਹਫਤੇ ਦਾ ਸਮਾਂ ਰਹਿ ਗਿਆ ਤੇ ਝੌਣੇ ਦੀ ਬਿਜਾਈ ਕਰਨ ਦਾ ਪਰ ਰਜਵਾਹੇ ਦੀ ਸਫਾਈ ਦਾ ਕੰਮ ਅਜੇ ਸ਼ੁਰੂ ਨਹੀਂ ਕੀਤਾ ਗਿਆ। ਜਿਸ ਦੀ ਵਜ੍ਹਾ ਨਾਲ ਕਿਸਾਨ ਵਰਗ ਚਿੰਤਾ ਵਿਚ ਹਨ ਜਿਕਰਯੋਗ ਹੈ ਕਿ ਅਪਰਬਾਰੀ ਦੁਆਬ ਨਹਿਰਾ ਤੋਂ ਨਿਕਲਦਾ ਕੋਟ ਕਰਮ ਚੰਦ ਰਜਵਾਹਾ ਪੁੱਲ ਕੁੰਜਰ ਤੋਂ ਸ਼ੁਰੂ ਹੋ ਪਿੰਡ ਗੱਜੂਗਾਜੀ, ਕੋਟ ਕਰਮ ਚੰਦ, ਕਿਲ੍ਹਾ ਲਾਲ ਸਿੰਘ, ਖਾਨਫੱਤਾ, ਚੰਦਕੇ ਚੋਰਾਵਾਲੀ ਵੱਲੋਂ ਜਾਂਦਾ ਹੈ ਤੇ ਇਸ ਰਜਵਾਹੇ ਦੇ ਪਾਣੀ ਤੇ ਸੈਂਕੜੇ ਕਿਸਾਨ ਨਿਰਭਰ ਹਨ। ਇਸ ਰਜਵਾਹੇ ਦੀ ਸਫਾਈ ਅਤੇ ਤੱਕ ਨਾਂ ਹੋਣ ਕਾਰਨ ਕਿਲ੍ਹਾ ਲਾਲ ਸਿੰਘ ਵਿਖੇ ਇਸ ਤੋਂ ਭਿਆਨਕ ਬਦਬੂ ਹਰ ਵੇਲੇ ਆਉਂਦੀ ਰਹਿੰਦੀ ਹੈ ਤੇ ਗੰਦਗੀ ਦੀ ਵਜ੍ਹਾ ਨਾਲ ਕੋਈ ਬਿਮਾਰੀ ਵੀ ਫੈਲ ਸਕਦੀ ਹੈ। ਕਿਸਾਨ ਹਰਦੇਵ ਸਿੰਘ, ਸਿਕੰਦਰ ਸਿੰਘ, ਮਲੂਕ ਸਿੰਘ, ਬਚਿੱਤਰ ਸਿੰਘ ਆਦਿ ਨੇ ਵਿਭਾਗ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਰਜਵਾਹੇ ਦੀ ਸਫਾਈ ਕਰਵਾ ਇਸ ਵਿਚ ਪਾਣੀ ਛੱਡਿਆ ਜਾਵੇ। ਇਸ ਸਬੰਧੀ ਨਹਿਰੀ ਵਿਭਾਗ ਦੇ ਐਕਸੀਅਨ ਚਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 10 ਜੂਨ ਤੋਂ ਪਹਿਲਾਂ ਪਹਿਲਾਂ ਇਸ ਰਜਵਾਹੇ ਦੀ ਸਫਾਈ ਕਰਵਾ ਦਿੱਤੀ ਜਾਵੇਗੀ ਤੇ ਪਾਣੀ ਛੱਡ ਦਿੱਤਾ ਜਾਵੇਗਾ। ਕਿਸਾਨ ਵਰਗ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।