ਆਕਾਸ਼, ਗੁਰਦਾਸਪਰੁ

ਕੋਰੋਨਾ ਬਿਮਾਰੀ ਦੇ ਵਾਇਰਸ ਦੇ ਫੈਲਾਅ ਦੀ ਰੋਕਥਾਮ ਦੇ ਨਾਮ ਹੇਠ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਦੇਸ਼ ਭਰ ਵਿਚ ਲਾਕਡਾਊਨ ਅਤੇ ਕਰਫਿਊ ਲਗਾ ਕੇ ਲੋਕਾਂ ਨੂੰ ਘਰਾਂ ਵਿਚ ਬੰਦ ਕਰਕੇ ਸਾਰੇ ਕਾਰੋਬਾਰ ਠੱਪ ਕਰ ਦਿੱਤੇ ਗਏ। ਪਰ ਇਸ ਲਾਕਡਾਉਨ ਅਤੇ ਕਰਫਿਊ ਵਿਚ ਕਈ ਵਾਰ ਵਾਧਾ ਕੀਤਾ ਗਿਆ। ਜਨਤਕ, ਰਾਜਨੀਤਿਕ ਅਤੇ ਜਥੇਬੰਦਕ ਸਰਗਰਮੀਆਂ ਠੱਪ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਨੇ ਕਈ ਲੋਕ ਵਿਰੋਧੀ ਕਾਨੂੰਨ ਪਾਸ ਕਰ ਲਏ ਹਨ। 55 ਦੇ ਕਰੀਬ ਦੇਸ਼ ਦੇ ਵੱਡੇ ਡਿਫਾਲਟਰਾਂ ਦੇ ਲਗਭਗ 6800 ਕਰੋੜ ਰੁਪਏ ਮੁਆਫ ਕਰ ਦਿੱਤੇ ਹਨ ਪਰ ਕਰਜੇ ਮਾਰੇ ਕਿਸਾਨਾਂ ਦਾ ਧੇਲਾ ਵੀ ਮੁਆਫ ਨਹੀਂ ਕੀਤਾ ਗਿਆ। ਇਸ ਲਈ ਪੰਜਾਬ ਭਰ ਵਿਚ ਕਿਰਤੀ ਕਿਸਾਨ ਯੂਨੀਅਨ ਨੇ ਇਫਟੂ ਵੱਲੋਂ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਸਾੜੇ ਗਏ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ ਅਤੇ ਜ਼ਿਲ੍ਹਾ ਤਰਲੋਕ ਸਿੰਘ ਬਹਿਰਾਮਪੁਰ ਦੀ ਅਗਵਾਈ ਵਿਚ ਪਿੰਡ ਸੰਗੋਰ ਵਿਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੁੱਖੀਆਂ ਦੇ ਪੁਤਲਾ ਸਾੜੇ ਗਏ ਅਤੇ ਮੰਗ ਕੀਤੀ ਗਈ ਕਿ ਲਾਕਡਾਊਨ ਖਤਮ ਕੀਤਾ ਜਾਵੇ ਅਤੇ ਇਸ ਵਿਚ ਹੋਰ ਵਾਧਾ ਨਾ ਕੀਤਾ ਜਾਵੇ, ਕਰਫਿਉ ਅਤੇ ਲਾਕਡਾਊਨ ਦੀ ਉਲੰਘਣਾ ਕਰਨ ਤੇ ਦਰਜ਼ ਪੁਲਿਸ ਕੇਸ ਰੱਦ ਕੀਤੇ ਜਾਣ, ਪ੍ਰਵਾਸੀ ਮਜ਼ਦੂਰਾਂ ਦੇ ਆਉਣ ਜਾਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣ ਤਾਂ ਜੋ ਝੋਨੇ ਦੇ ਸੀਜਨ ਵਿਚ ਮਜ਼ਦੂਰਾਂ ਦੀ ਦਿੱਕਤ ਨਾ ਆਵੇ, ਬੇਮੌਸਮੀ ਬਾਰਿਸ਼ਾਂ ਨਾਲ ਤਬਾਹ ਹੋਈਆਂ ਪਿਛਲੀਆਂ ਤੇ ਹੁਣ ਦੀਆਂ ਫਸਲਾਂ ਦਾ ਤੁਰੰਤ ਮੁਆਵਜਾ ਦਿੱਤਾ ਜਾਵੇ, ਡੀਜ਼ਨ ਦਾ ਰੇਟ 22 ਰੁਪਏ ਲੀਟਰ ਕਿਸਾਨਾਂ ਨੂੰ ਦਿੱਤਾ ਜਾਵੇ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਬਿਜਲੀ ਦੀਆਂ ਨਿੱਜੀ ਕੰਪਨੀਆਂ ਨਾਲ ਕੀਤੇ ਲੋਕ ਵਿਰੋਧੀ ਸਮਝੋਤੇ ਰੱਦ ਕੀਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਚੰਨਣ ਸਿੰਘ ਦੌਰਾਂਗਲਾ, ਸਰੂਪ ਸਿੰਘ ਸੰਘੋਰ, ਬਲਬੀਰ ਸਿੰਘ,ਤਾਰਾ ਸਿੰਘ ਅਤੇ ਬਨਾਰਸੀ ਦਾਸ ਆਦਿ ਹਾਜ਼ਰ ਹੋਏ।