ਸ਼ਾਮ ਸਿੰਘ ਘੁੰਮਣ, ਦੀਨਾਨਗਰ

ਭਾਜਪਾ ਕਿਸਾਨ ਮੋਰਚਾ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਾਂ ਤੇ ਏਡੀਸੀ ਤੇਜਿੰਦਰ ਸਿੰਘ ਸੰਧੂ ਨੂੰ ਬੀਜ ਘੁਟਾਲੇ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਸਬੰਧੀ ਮੰਗ ਪੱਤਰ ਸੌਂਪਿਆ। ਮੰਗ ਪੱਤਰ ਸੌਂਪਣ ਉਪਰੰਤ ਬਲਵਿੰਦਰ ਸਿੰਘ ਬਿੱਟੂ ਜਨਰਲ ਸਕੱਤਰ ਕਿਸਾਨ ਮੋਰਚਾ ਪੰਜਾਬ ਅਤੇ ਭਾਜਪਾ ਦੇ ਸੀਨੀਅਰ ਆਗੂ ਯਸ਼ਪਾਲ ਕੁੰਡਲ ਨੇ ਦੱਸਿਆ ਕਿ ਝੋਨੇ ਦੀਆਂ ਪੀਆਰ 128 ਅਤੇ ਪੀਆਰ 129 ਕਿਸਮਾਂ ਦੇ ਨਕਲੀ ਬੀਜ਼ਾਂ ਦੇ ਹੋਏ ਘੁਟਾਲੇ ਸਬੰਧੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਥਾਂ ਪੰਜਾਬ ਸਰਕਾਰ ਮਾਮਲੇ ਤੇ ਮਿੱਟੀ ਪਾਉਣ ਦੇ ਯਤਨਾਂ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਿਹਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਪਰ ਕਾਂਗਰਸ ਸਰਕਾਰ ਕਿਸਾਨੀਂ ਨਾਲ ਧੋਖਾ ਕਰਨ ਵਾਲੇ ਗੁਨਾਹਗਾਰਾਂ ਨੂੰ ਬਚਾ ਕੇ ਕਿਸਾਨੀਂ ਨੂੰ ਤਬਾਹ ਕਰਨ ਦੇ ਪ੍ਰਬੰਧ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ ਸੀਬੀਆਈ ਕੋਲੋਂ ਕਰਵਾਉਣੀ ਚਾਹੀਦੀ ਹੈ ਤਾਂ ਕਿ ਦੋਸ਼ੀਆਂ ਨੂੰ ਸਜਾਵਾਂ ਮਿਲ ਸਕਣ। ਇਸ ਮੌਕੇ ਵਿਭੀਸ਼ਨ ਸਿੰਘ, ਭੁਪਿੰਦਰ ਸਿੰਘ ਬੈਂਸ, ਕਰਨਜੀਤ ਸਿੰਘ, ਹਰਪ੍ਰਰੀਤ ਸਿੰਘ ਬੇਦੀ, ਹਰਜਿੰਦਰ ਸਿੰਘ, ਰਮੇਸ਼ ਸ਼ਰਮਾ, ਸੁਖਦੇਵ ਸਿੰਘ ਪਹਾੜੀਪੁਰ, ਰਣਯੋਧ ਸਿੰਘ ਅਤੇ ਹੋਰ ਭਾਜਪਾ ਆਗੂ ਤੇ ਵਰਕਰ ਵੀ ਹਾਜ਼ਰ ਸਨ।