ਸੁਖਦੇਵ ਸਿੰਘ, ਬਟਾਲਾ

ਕਣਕ ਦੀ ਲੁਹਾਈ ਨੂੰ ਲੈ ਕੇ ਬੀਤੀ ਸ਼ਾਮ ਟਰੱਕ ਡਰਾਈਵਰਾਂ ਵੱਲੋਂ ਖਰੀਦ ਏਜੰਸੀ ਦੇ ਇਕ ਇੰਸਪੈਕਟਰ ਦੀ ਮਾਰਕੁਟਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਲੜਾਈ 'ਚ ਜਿੱਥੇ ਇੰਸਪੈਕਟਰ ਦੀ ਮਾਰਕੁਟਾਈ ਹੋਈ ਹੈ ਉੱਥੇ ਨਾਲ ਹੀ ਡਰਾਈਵਰਾਂ ਦੇ 2 ਗੁੱਟਾਂ 'ਚ ਜੰਮ ਕੇ ਲੜਾਈ ਹੋਈ ਹੈ, ਜਿਸ ਨਾਲ 6 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਇੰਸਪੈਕਟਰ ਦੀ ਮਾਰਕੁਟਾਈ ਤੋਂ ਬਾਅਦ ਖਰੀਦ ਏਜੰਸੀਆਂ ਦੇ ਮੁਲਾਜਮਾਂ ਨੇ ਜ਼ਿਲ੍ਹਾ ਗੁਰਦਾਸਪੁਰ ਅੰਦਰ ਕਣਕ ਦੀ ਲੁਹਾਈ ਦਾ ਕੰਮ ਬੰਦ ਰੱਖ ਕੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕਰਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਗੁਹਾਰ ਲਗਾਈ ਹੈ। ਉੱਧਰ ਬੀਤੀ ਸ਼ਾਮ ਹੋਈ ਲੜਾਈ 'ਚ ਪੁਲਿਸ ਥਾਣਾ ਸਿਵਲ ਲਾਈਨ ਬਟਾਲਾ ਨੇ ਮਾਰਕਫੈੱਡ ਦੇ ਇੰਸਪੈਕਟਰ ਪਰਮ ਸੁਨੀਲ ਪੁੱਤਰ ਚਮਨ ਲਾਲ ਵਾਸੀ ਚੰਦਰ ਨਗਰ ਬਟਾਲਾ ਦੇ ਵੱਲੋਂ ਲਿਖਾਈ ਰਿਪੋਰਟ ਅਨੁਸਾਰ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇੰਸਪੈਕਟਰ ਪਰਮ ਸੁਨੀਲ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ ਸ਼ਾਮ ਉਹ ਖਤੀਬ ਰੋਡ ਸਥਿਤ ਮਾਰਕਫੈੱਡ ਦੇ ਗੁਦਾਮਾਂ 'ਚ ਕਣਕ ਦੀ ਲੁਹਾਈ ਕਰਵਾ ਰਹੇ ਸਨ। ਇਕ ਟਰੱਕ (ਪੀਬੀ-02-ਬੀਐੱਸ-9990) ਦੇ ਮਾਲਕ ਗੁਰਮੀਤ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਭਾਗੀਆਂ ਥਾਣਾ ਸੇਖਵਾ ਨੇ ਕੰਡੇ 'ਤੇ ਤੁਲਾਈ ਨੂੰ ਲੈ ਕੇ ਝੱਗੜਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਸਾਥੀਆਂ ਨਾਲ ਮੇਰੇ ਤੇ ਦਾਤਰ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਲੜਾਈ ਦੇ ਦੌਰਾਨ ਹੀ ਕੁੱਝ ਹੋਰ ਟੱਰਕਾਂ ਵਾਲਿਆਂ ਦੀ ਆਪਸ 'ਚ ਲੜਾਈ ਹੋ ਗਈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੁਢਲੀ ਜਾਂਚ ਦੌਰਾਨ 4 ਵਿਅਕਤੀਆਂ ਜਿੰਨਾਂ 'ਚ ਗੁਰਮੀਤ ਸਿੰਘ, ਮੰਗਲ ਸਿੰਘ, ਰਵਿੰਦਰ ਸਿੰਘ ਸਾਰੇ ਵਾਸੀਆਨ ਪਿੰਡ ਭਾਗੀਆਂ ਤੇ ਰਣਧੀਰ ਸਿੰਘ ਨਿਹੰਗ ਵਾਸੀ ਕੁਆਹੜ 'ਤੇ ਮਾਮਲਾ ਦਰਜ ਕਰ ਲਿਆ ਹੈ।

ਖਰੀਦ ਏਜੰਸੀਆਂ ਜ਼ਿਲ੍ਹੇ ਅੰਦਰ ਲੁਹਾਈ ਦਾ ਕੰਮ ਰੱਖਿਆ ਬੰਦ

ਮਾਰਕਫੈੱਡ ਦੇ ਇੰਸਪੈਕਟਰ ਪਰਮ ਸੁਨੀਲ ਦੀ ਮਾਰਕੁਟਾਈ ਦੇ ਮਾਮਲੇ ਤੋਂ ਬਾਅਦ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਗੁਦਾਮਾਂ 'ਚ ਕਣਕ ਲੁਹਾਉਣ ਦਾ ਕੰਮ ਬੰਦ ਰੱਖਿਆ ਗਿਆ। ਮਾਰਕਫੈੱਡ ਦੇ ਮੈਨੇਜ਼ਰ ਹਰਪਾਲ ਸਿੰਘ, ਮੈਨੇਜ਼ਰ ਮੇਜਰ ਸਿੰਘ ਵੇਅਰ ਹਾਉਸ ਬਟਾਲਾ, ਚਿੰਤਨ ਸ਼ਰਮਾ ਮੈਨੇਜਰ ਪਨਸਪ ਬਟਾਲਾ ਅਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਗੁਦਾਮਾਂ ਦੇ ਅੰਦਰ ਖਰੀਦ ਸਟਾਫ ਨਾਲ ਹੋਈ ਮਾਰਕੁਟਾਈ ਨਾਲ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮੱਝ ਰਹੇ ਅਤੇ ਬੀਤੀ ਸ਼ਾਮ ਹੋਏ ਮਾਮਲੇ 'ਚ ਦੋਸ਼ੀਆਂ ਖ਼ਿਲਾਫ਼ ਸਖ਼ਤ ਸਜਾ ਅਤੇ ਗੁਦਾਮਾਂ 'ਚ ਪੁਲਿਸ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ।

ਡੀਸੀ ਗੁਰਦਾਸਪੁਰ ਤੇ ਐੱਸਐੱਸਪੀ ਬਟਾਲਾ ਨੇ ਮਾਮਲੇ ਸਬੰਧੀ ਲਿਆ ਜਾਇਜ਼ਾ

ਇੰਸਪੈਕਟਰ ਦੀ ਮਾਰਕੁਟਾਈ ਦੇ ਮਾਮਲੇ 'ਚ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਤੇ ਐੱਸਐੱਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਮਾਰਕਫੈਡ ਦੇ ਬਟਾਲਾ ਗੁਦਾਮਾਂ ਦਾ ਜਾਇਜਾ ਲਿਆ ਅਤੇ ਹੋਈ ਲੜਾਈ ਬਾਰੇ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਡੀਐੱਮ ਮਾਰਕਫੈੱਡ ਇੰਦਰਜੀਤ, ਐੱਸਐੱਚਓ ਮੁਖਤਿਆਰ ਸਿੰਘ, ਪ੍ਰਧਾਨ ਮਨਬੀਰ ਸਿੰਘ ਰੰਧਾਵਾ ਤੇ ਹੋਰ ਅਧਿਕਾਰੀ ਹਾਜ਼ਰ ਸਨ।