ਆਕਾਸ਼, ਗੁਰਦਾਸਪੁਰ : ਸ਼ੁਰੂਆਤੀ ਦੌਰ ਵਿਚ ਕਈ ਹਫਤੇ ਕੋਰੋਨਾ ਦੀ ਮਹਾਮਾਰੀ ਤੋਂ ਬਚੇ ਰਹਿਣ ਵਾਲੇ ਜ਼ਿਲ੍ਹਾ ਗੁਰਦਾਸਪੁਰ ਵਿਚ ਹੁਣ ਥੋੜੇ ਹੀ ਦਿਨਾਂ ਵਿਚ ਹਾਲਾਤ ਚਿੰਤਾ ਜਨਕ ਬਣਦੇ ਨਜ਼ਰ ਆਏ ਰਹੇ ਨੇ। ਅੱਜ ਮੰਗਲਵਾਰ ਸਵੇਰੇ ਗੁਰਦਾਸਪੁਰ ਵਾਸੀਆਂ ਨੂੰ ਊਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਜ਼ਿਲ੍ਹੇ ਅੰਦਰ 51 ਹੋਰ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਉਣ ਦੀ ਅਧਿਕਾਰਤ ਪੁਸ਼ਟੀ ਹੋ ਗਈ। ਇਨ੍ਹਾਂ ਵਿਚ 39 ਮਰੀਜ਼ ਸ੍ਰੀ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਇਨ੍ਹਾਂ ਵਿੱਚੋਂ ਨੌਂ ਮਾਮਲਿਆਂ ਦੀ ਦੇਰ ਰਾਤ ਪੁਸ਼ਟੀ ਹੋਈ ਹੈ।

ਇਸਦੇ ਨਾਲ ਹੀ ਜ਼ਿਲ੍ਹਾ ਗੁਰਦਾਸਪੁਰ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 85 ਤੱਕ ਪੁੱਜ ਗਿਆ ਹੈ। ਇਕ ਮਰੀਜ਼ ਸੰਸਾਰ ਸਿੰਘ ਦੀ ਮੌਤ ਹੋ ਚੁਕੀ ਹੈ। ਜਾਣਕਾਰੀ ਅਨੁਸਾਰ ਜੋ 42 ਨਵੇਂ ਮਾਮਲੇ ਸਾਹਮਣੇ ਆਏ ਹਨ , ਉਹਨਾਂ ਵਿੱਚ ਸਭ ਤੋਂ ਵੱਧ 18 ਵਿਅਕਤੀ ਬਟਾਲਾ ਨਾਲ ਸਬੰਧਿਤ ਹਨ। ਬਾਕੀ ਮਰੀਜ਼ਾਂ ਵਿਚ ਕਲਾਨੌਰ, ਕਾਹਨੂੰਵਾਨ, ਸਿੰਘੋਵਾਲ ਦੇ 7-7, ਡੇਰਾ ਬਾਬਾ ਨਾਨਕ ਦੇ 2 ਅਤੇ ਬੱਬਰੀ ਦਾ 1 ਮਰੀਜ਼ ਸ਼ਾਮਿਲ ਹੈ। ਨਵੇਂ ਮਾਮਲੇ ਸਾਮ੍ਹਣੇ ਆਉਂਦਿਆਂ ਹੀ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਮੋਰਚਾ ਸੰਭਾਲਿਆ ਜ਼ਾ ਰਿਹਾ ਹੈ।

ਇਹ ਵੀ ਜਾਣਕਾਰੀ ਮਿਲੀ ਹੈ ਕਿ 51 ਨਵੇਂ ਮਰੀਜ਼ਾਂ ਵਿਚ ਨਾਮੀ ਗੈਂਗਸਟਰ ਜੱਗੂ ਭਗਵਾਨ ਪੁਰੀਆ ਦਾ ਨਾਮ ਵੀ ਸ਼ਾਮਿਲ ਹੈ। ਉਹ ਪਟਿਆਲਾ ਜੇਲ ਵਿਚ ਬੰਦ ਸੀ ਅਤੇ ਕੁਝ ਦਿਨ ਪਹਿਲਾਂ ਬਟਾਲਾ ਪੁਲਿਸ ਨੇ ਉਸਨੂੰ ਰਿਮਾਂਡ ਟੇ ਲਿਆ ਸੀ। ਇਸਦੀ ਪੁਸ਼ਟੀ ਕਰਦਿਆਂ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਕਰਨਜੀਤ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਿਸ ਜੱਗੂ ਭਗਵਾਨ ਪੁਰੀਆ ਨੂੰ ਰਿਮਾਂਡ ਤੇ ਲੈ ਕੇ ਗਈ ਸੀ ਅਤੇ ਅਜੇ ਵੀ ਬਟਾਲਾ ਪੁਲਿਸ ਦੀ ਹਿਰਾਸਤ ਵਿੱਚ ਹੈ। ਬਟਾਲਾ ਵਿੱਚ ਹੀ ਉਸਦਾ ਟੈਸਟ ਲਿਆ ਗਿਆ ਸੀ।

ਡੀਸੀ ਵੱਲੋਂ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ

ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਅੰਦਰ 76 ਕੋਰੋਨਾ ਵਾਇਰਸ ਬਿਮਾਰੀ ਨਾਲ ਪੀੜਤ ਮਰੀਜ਼ ਹਨ, ਜਿਨਾਂ ਦਾ ਗੁਰਦਾਸਪੁਰ ਦੇ ਹਸਪਾਤਲਾਂ ਵਿਖੇ ਇਲਾਜ ਚੱਲ ਰਿਹਾ ਹੈ ਅਤੇ 01 ਮਰੀਜ਼ ਦੋ ਕਾਦੀਆਂ ਦਾ ਰਹਿਣ ਵਾਲਾ ਹੈ ਅਤੇ ਮੋਹਾਲੀ ਗਿਆ ਹੋਇਆ ਸੀ, ਉਸਦਾ ਇਲਾਜ ਮੁਹਾਲੀ ਹਸਪਤਾਲ ਵਿਖੇ ਚੱਲ ਰਿਹਾ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ੋਸਲ ਡਿਸਟੈਂਸ ਨੂੰ ਮੈਨਟੇਨ ਕਰਕੇ ਰੱਖਣ ਅਤੇ ਕਰਫਿਊ ਦੌਰਾਨ ਘਰਾਂ ਵਿਚੋਂ ਬਾਹਰ ਨਾ ਨਿਕਲਣ। ਉਨਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਣ। ਸਿਹਤ ਵਿਭਾਗ ਵਲੋਂ ਪ੍ਰਰੋਟੋਕੋਲ ਤਹਿਤ ਅਗਲੇਰੇ ਕਦਮ ਉਠਾਏ ਜਾ ਰਹੇ ਹਨ।

ਰਲ਼ਕੇ ਕਰੋ ਅਰਦਾਸ : ਡਾ. ਚੰਦ

ਸਿਵਲ ਸਰਜਨ ਡਾਕਟਰ ਕਿਸ਼ਨ ਚੰਦ ਨੇ ਕਿਹਾ ਕਿ ਆਓ ਅਸੀਂ ਸਾਰੇ ਪਰਮਾਤਮਾ ਦੇ ਚਰਨਾਂ 'ਚ ਮਿਲ ਕੇ ਅਰਦਾਸ ਕਰੀਏ ਕਿ ਕੋਰੋਨਾ ਮਹਾਮਾਰੀ ਤੋਂ ਪੀੜਤ ਮਰੀਜ਼ ਜਲਦ ਠੀਕ ਹੋਣ ਤੇ ਹੱਸਦੇ-ਖੇਡਦੇ ਆਪਣੇ ਘਰਾਂ ਨੂੰ ਪਰਤਣ ਤੇ ਪਰਿਵਾਰਾਂ ਵਿਚ ਜਾ ਕੇ ਖੁਸ਼ੀਆਂ ਸਾਂਝੀਆਂ ਕਰਨ।

ਢਿੱਲ ਖ਼ਤਮ ਕਰਨ ਦੀ ਉਠ ਰਹੀ ਮੰਗ

ਇਕ ਪਾਸੇ ਜਿਲ੍ਹੇ ਅੰਦਰ ਕੋਰੋਨਾ ਪੀਡਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਸ ਕਾਰਨ ਲੋਕ ਦਹਿਸ਼ਤ ਵਿਚ ਹਨ ਅਤੇ ਦੂਸਰੇ ਪਾਸੇ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੇ ਢਿੱਲ ਦੇ ਕੇ ਬਾਜ਼ਾਰ ਖੋਲ੍ਹ ਦਿੱਤੇ ਹਨ। ਇਸਦੇ ਸਿੱਟੇ ਵੱਜੋਂ ਬਾਜ਼ਾਰਾਂ ਵਿੱਚ ਕਾਫੀ ਭੀੜ ਦੇਖਣ ਨੂੰ ਮਿਲ ਰਹੀ ਹੈ ਅਤੇ ਲੋਕ ਸਮਾਜਿਕ ਦੂਰੀ ਅਤੇ ਹੋਰਨਾਂ ਨਿਯਮਾਂ ਦਾ ਉਲੰਘਣ ਕਰ ਰਹੇ ਹਨ। ਖੁਦ ਸ਼ਹਿਰ ਦੇ ਕਈ ਦੁਕਾਨਦਾਰਾਂ ਰਿੰਕੂ ਗਰੋਵਰ, ਸੰਦੀਪ ਅਬਰੋਲ, ਸਾਹਿਲ ਮਹਾਜਨ, ਸੰਜੁ ਮਹਾਜਨ ਨੇ ਦੱਸੀਆ ਕਿ ਬਾਜ਼ਾਰ ਖੁੱਲਣ ਨਾਲ ਕੋਰੋਨਾ ਦਾ ਕਹਿਰ ਬੇਕਾਬੂ ਹੋ ਸਕਦਾ ਹੈ। ਦੁਕਾਨਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਿਢੱਲ ਨੂੰ ਵਾਪਿਸ ਲਿਆ ਜਾਵੇ ਕਿਓਂਕਿ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।