ਪਵਨ ਤੇ੍ਹਨ/ਸੁਖਦੇਵ ਸਿੰਘ, ਬਟਾਲਾ

ਬਟਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਹੈ ਜਦੋਂ ਉਨ੍ਹਾਂ ਨੇ ਅਪਰਾਧਿਕ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 5 ਦੋਸ਼ੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕਰ ਲਿਆ। ਐੱਸਐੱਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪਿਛਲੇ ਦਿਨੀ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਅਧਾਰ 'ਤੇ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਸੁੱਖਾ ਚਿੜਾ ਤੋਂ ਅਮਿਤਪਾਲ ਵਾਸੀ ਬਟਾਲਾ, ਜਸਟਿਨ ਉੱਰਫ ਜੱਸਾ ਵਾਸੀ ਅੰਮੋਨੰਗਲ ਤੇ ਬਲਜੋਧ ਸਿੰਘ ਵਾਸੀ ਸੁੱਖਾ ਚਿੜਾ ਨੂੰ ਕਾਬੂ ਕੀਤਾ ਸੀ। ਇਨ੍ਹਾਂ ਵਿਅਕਤੀਆਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇੱਕ 315 ਬੋਰ ਦੇਸੀ ਪਿਸਤੌਲ ਸਮੇਤ ਇੱਕ ਰੌਂਦ ਬਰਾਮਦ ਕੀਤਾ ਗਿਆ। ਐੱਸਐੱਸਪੀ ਬਟਾਲਾ ਨੇ ਦੱਸਿਆ ਕਿ ਪੁਲਿਸ ਨੇ ਜਦੋਂ ਇਨ੍ਹਾਂ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੋ ਹੋਰ ਦੋਸ਼ੀਆਂ ਜਿਨ੍ਹਾਂ ਵਿੱਚ ਕਰਨਜੀਤ ਸਿੰਘ ਉਰਫ ਕਰਨ ਵਾਸੀ ਬਹਾਦੁਰਪੁਰ ਰਜ਼ੋਆ ਤੇ ਮੁਖਤਿਆਰ ਸਿੰਘ ਵਾਸੀ ਹਰਚੋਵਾਲ ਦਾ ਨਾਮ ਉਜਾਗਰ ਕੀਤਾ। ਇਸ ਉੱਪਰ ਕਾਰਵਾਈ ਕਰਦਿਆਂ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਗਿਆ ਅਤੇ ਇਨ੍ਹਾਂ ਕੋਲੋਂ ਵੀ ਇੱਕ 2 ਬੋਰ ਪਿਸਤੌਲ ਸਮੇਤ 2 ਮੈਗਜੀਨ ਤੇ 3 ਕਾਰਤੂਸ, 2 ਰਿਵਾਲਵਰ 32 ਬੋਰ ਸਮੇਤ 8 ਕਾਰਤੂਸ, ਚਾਰ 315 ਬੋਰ ਦੇੇਸੀ ਪਿਸਤੌਲ ਸਮੇਤ 2 ਕਾਰਤੂਸ ਤੇ 10 ਜ਼ਿੰਦਾ ਰੌਂਦ 12 ਬੋਰ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਕਈ ਮੁਕੱਦਮਿਆਂ ਵਿੱਚ ਲੋੜੀਂਦੇ ਸਨ ਅਤੇ ਇਨ੍ਹਾਂ ਦੇ ਫੜ੍ਹੇ ਜਾਣ ਨਾਲ ਅਸਲਾ ਐਕਟ ਥਾਣਾ ਸ਼੍ਰੀ ਹਰਗੋਬਿੰਦਪੁਰ ਹੱਲ ਹੋ ਗਿਆ ਹੈ। ਇਸ ਮੁਕੱਦਮੇ ਵਿੱਚ ਬੱਚਿਆਂ ਦੀ ਸਕੂਲੀ ਲੜ੍ਹਾਈ ਕਾਰਨ ਫਾਇਰਿੰਗ ਕਰਕੇ ਜਸਬੀਰ ਕੌਰ ਵਾਸੀ ਹਰਚੋਵਾਲ ਦਾ ਕਤਲ ਕੀਤਾ ਗਿਆ ਸੀ ਅਤੇ 4 ਵਿਅਕਤੀ ਜ਼ਖਮੀ ਹੋਏ ਸਨ। ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਥਾਣਿਆਂ 'ਚ ਦਰਜ ਮਾਮਲਿਆਂ 'ਚ ਲੋੜੀਂਦੇ ਸਨ। ਉਨ੍ਹਾਂ ਕਿਹਾ ਕਿ ਫੜ੍ਹੇ ਗਏ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।