06- ਰਾਸ਼ਟਰੀ ਵੋਟਰ ਦਿਵਸ ਮੌਕੇ ਸਹੰੂ ਚੁਕਦੇ ਹੋਏ ਤਹਿਸੀਲਦਾਰ ਬਟਾਲਾ ਬਲਜਿੰਦਰ ਸਿੰਘ ਤੇ ਹੋਰ।

ਪਵਨ ਤੇ੍ਹਨ, ਬਟਾਲਾ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਤਹਿਸੀਲ ਦਫ਼ਤਰ ਵਿਖੇ 10ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਰਾਸ਼ਟਰੀ ਵੋਟਰ ਦਿਵਸ ਮੌਕੇ ਤਹਿਸੀਲਦਾਰ ਬਟਾਲਾ ਨੇ ਦਫ਼ਤਰੀ ਸਟਾਫ਼ ਤੇ ਹੋਰ ਸ਼ਹਿਰੀਆਂ ਨੂੰ ਵੋਟਰ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕਤੰਤਰ ਵਿਚ ਹਰ ਇਕ ਵੋਟਰ ਦੀ ਬਰਾਬਰ ਭਾਗੀਦਾਰੀ ਹੈ ਅਤੇ ਹਰ ਇਕ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਬਿੰਨਾਂ ਕਿਸੇ ਡਰ, ਭੈਅ ਜਾਂ ਲਾਲਚ ਦੇ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਮਾਣ ਹਾਸਲ ਹੈ ਅਤੇ ਦੇਸ਼ ਦੇ ਹਰ ਨਾਗਰਿਕ ਨੂੰ ਚੋਣਾਂ ਵਿੱਚ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਲੋਕ ਹੀ ਰਾਜ ਭਾਗ ਦੇ ਅਸਲੀ ਮਾਲਕ ਹੁੰਦੇ ਹਨ। ਇਸ ਮੌਕੇ ਤਹਿਸੀਲਦਾਰ ਬਟਾਲਾ ਬਲਜਿੰਦਰ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਵੋਟਰ ਪ੍ਰਣ ਵੀ ਦਿਵਾਇਆ ਕਿ ਉਹ ਆਪਣੀ ਵੋਟ ਬਣਾ ਕੇ ਹਰ ਚੋਣ ਵਿੱਚ ਬਿੰਨਾਂ ਕਿਸੇ ਡਰ ਲਾਲਚ ਜਾਂ ਭੈਅ ਦੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਸ ਮੌਕੇ ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ ਬਾਜਵਾ, ਸਮਾਜ ਸੇਵਕ ਤਜਿੰਦਰਪਾਲ ਸਿੰਘ ਬਿਊਟੀ ਰੰਧਾਵਾ, ਐੱਸਡੀਐੱਮ ਦਫ਼ਤਰ ਤੋਂ ਬਾਊ ਸੁੰਦਰ, ਸ਼ੁਸ਼ੀਲ ਕੁਮਾਰ, ਸਟੈਨੋ ਰਾਜਵਿੰਦਰ ਸਿੰਘ, ਐੱਸਡੀਐੱਮ ਦਫਤਰ ਤੇ ਤਹਿਸੀਲ ਦਫ਼ਤਰ ਦਾ ਸਟਾਫ ਅਤੇ ਸ਼ਹਿਰ ਵਾਸੀ ਵੀ ਹਾਜ਼ਰ ਸਨ।