ਸ਼ਾਮ ਸਿੰਘ ਘੁੰਮਣ, ਦੀਨਾਨਗਰ : ਦੀਨਾਨਗਰ ਪੁਲਿਸ ਨੇ ਇੱਕ 19 ਵਰਿ੍ਹਆਂ ਦੀ ਲੜਕੀ ਦੇ ਬਿਆਨਾਂ ਦੇ ਅਧਾਰ ਤੇ ਤਿੰਨ ਵਿਅਕਤੀਆਂ ਖਿਲਾਫ ਡਰਾ ਧਮਕਾ ਕੇ ਵਿਆਹ ਕਰਵਾਉਣ ਉਪਰੰਤ ਸਰੀਰਕ ਸਬੰਧ ਬਨਾਉਣ ਦੇ ਦੋਸ਼ਾਂ ਹੇਠ ਮੁਕਦਮਾ ਦਰਜ ਕੀਤਾ ਹੈ। ਪੀੜਤ ਲੜਕੀ ਨੇ ਦੀਨਾਨਗਰ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਪਿੰਡ ਨਾਨੋਨੰਗਲ ਦਾ ਰਹਿਣ ਵਾਲਾ ਚੰਚਲ ਸਿੰਘ ਉਸਦੇ ਪਿਤਾ ਦਾ ਦੋਸਤ ਹੈ, ਜਿਸਨੇ ਉਸਨੂੰ ਨੌਕਰੀ ਦਿਵਾਉਣ ਦੇ ਬਹਾਨੇ ਘਰ ਬੁਲਾ ਕੇ ਅਪਣੇ ਲੜਕੇ ਸਰਬਜੀਤ ਸਿੰਘ ਨਾਲ ਚੰਡੀਗੜ ਭੇਜ ਦਿੱਤਾ। ਜਿੱਥੇ ਉਸਦੇ ਸਰਬਜੀਤ ਸਿੰਘ ਨੇ ਚੰਡੀਗੜ ਨੇੜਲੇ ਇਕ ਗੁਰਦੁਆਰਾ ਸਾਹਿਬ ਵਿਖੇ ਉਸ ਨਾਲ ਲਾਵਾਂ ਲੈਣ ਉਪਰੰਤ ਹਾਈਕੋਰਟ 'ਚ ਵਿਆਹ ਕਰਵਾ ਕੇ ਵੱਖ-ਵੱਖ ਥਾਵਾਂ 'ਤੇ ਰੱਖ ਕੇ ਉਸ ਨਾਲ ਉਸਦੀ ਮਰਜ਼ੀ ਤੋਂ ਬਗੈਰ ਸਰੀਰਕ ਸਬੰਧ ਬਣਾਏ।

ਪੀੜਤ ਕੁੜੀ ਨੇ ਦੱਸਿਆ ਕਿ ਸਾਰੇ ਮਾਮਲੇ 'ਚ ਸਰਬਜੀਤ ਸਿੰਘ ਦੀ ਮਾਂ ਬੀਰੋ, ਜੋ ਚੰਚਲ ਸਿੰਘ ਦੀ ਪਤਨੀ ਹੈ, ਵੀ ਸ਼ਾਮਲ ਸੀ। ਸ਼ਿਕਾਇਤ ਮਿਲਣ ਉਪਰੰਤ ਕਰਾਈਮ ਅਗੇਂਸਟ ਵੂਮੈਨ ਦੀ ਇੰਚਾਰਜ ਐੱਸਆਈ ਮਨਜੀਤ ਕੌਰ ਵੱਲੋਂ ਕੀਤੀ ਗਈ ਜਾਂਚ ਅਤੇ ਡੀਏ ਲੀਗਲ ਦੀ ਰਿਪੋਰਟ ਮਗਰੋਂ ਦੀਨਾਨਗਰ ਪੁਲਿਸ ਨੇ ਤਿੰਨ ਦੋਸ਼ੀਆਂ ਸਰਬਜੀਤ ਸਿੰਘ ਪੁੱਤਰ ਚੰਚਲ ਸਿੰਘ, ਚੰਚਲ ਸਿੰਘ ਤੇ ਉਸਦੀ ਪਤਨੀ ਬੀਰੋ, ਤਿੰਨੇ ਵਾਸੀ ਆਲੇਚੱਕ ਦੇ ਖਿਲਾਫ ਸੰਗੀਨ ਧਾਰਵਾਂ ਹੇਠ ਮੁਕਦਮਾ ਦਰਜ ਕਰ ਲਿਆ ਹੈ। ਏਐੱਸਆਈ ਜੋਗਿਦੰਰ ਪਾਲ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦੀ ਹੀ ਗਿ੍ਫਤਾਰ ਕਰ ਲਿਆ ਜਾਵੇਗਾ।