ਪਹਿਲੇ ਦੋ ਨੰਬਰਾਂ 'ਤੇ ਪਾਹੜਾ ਗਰੁੱਪ ਦਾ ਕਬਜ਼ਾ, ਬਾਜਪਾ ਗਰੁੱਪ ਤੀਜੇ ਨੰਬਰ ਤੇ

07ਜੀਆਰਪੀ49ਤੋਂ52 (52)

ਆਕਾਸ਼, ਗੁਰਦਾਸਪੁਰ : ਪੰਜਾਬ ਵਿਚ ਯੂਥ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਚੱਲ ਰਹੀ ਚੋਣ ਪ੍ਰਕਿਰਿਆ ਦੇ ਬਾਅਦ ਸ਼ਨਿੱਚਰਵਾਰ ਨੂੰ ਐਲਾਨੇ ਗਏ ਨਤੀਜਿਆਂ ਵਿਚ ਜ਼ਿਲ੍ਹਾ ਗੁਰਦਾਸਪੁਰ ਵਿਚ ਪਾਹੜਾ ਗਰੁੱਪ ਬਾਜਵਾ ਗਰੁੱਪ 'ਤੇ ਹਾਵੀ ਨਜ਼ਰ ਆਇਆ। ਇਥ ਪਾਸੇ ਜਿਥੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਭਰਾ ਐਡਵੋਕੇਟ ਬਲਜੀਤ ਸਿੰਘ ਪਾਹੜਾ ਸਭ ਤੋਂ ਵੱਧ ਵੋਟਾਂ ਲੈ ਕੇ ਜ਼ਿਲ੍ਹਾ ਪ੍ਰਧਾਨ ਬਣੇ ਉਥੇ ਬਾਜਵਾ ਗੁੱਟ ਨਾਲ ਸਬੰਧਿਤ ਉਮੀਦਵਾਰ ਰਾਹੁਲ ਸ਼ਰਮਾ ਤੀਜੇ ਨੰਬਰ 'ਤੇ ਰਹੇ। ਜ਼ਿਲ੍ਹੇ ਵਿਚ ਪਾਹੜਾ ਗੁੱਟ ਦਾ ਰਾਜਨੀਤਿਕ ਕੱਦ ਵਧਿਆ ਹੈ।

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਮੌਜੂਦਾ ਸਮੇਂ ਪਾਹੜਾ ਅਤੇ ਬਾਜਵਾ ਗੁੱਟ ਵਿਚ ਰਾਜਨੀਤਕ ਪਲੇਟਫਾਰਮ 'ਤੇ ਲਗਾਤਾਰ ਖਿਚੋਤਾਨ ਚੱਲ ਰਹੀ ਹੈ ਜਿਸਦੇ ਚਲਦਿਆਂ ਯੂਥ ਕਾਂਗਰਸ ਦਾ ਮੁੱਖ ਮੁਕਾਬਲਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਭਰਾ ਐਡਵੋਕੇਟ ਬਲਜੀਤ ਸਿੰਘ ਪਾਹੜਾ ਅਤੇ ਰਾਜ ਸਭਾ ਮੈਬਰ ਪ੍ਰਤਾਪ ਸਿੰਘ ਬਾਜਵਾ ਅਤੇ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਉਮੀਦਵਾਰ ਰਾਹੁਲ ਸ਼ਰਮਾ ਦੇ ਵਿਚ ਮੰਨਿਆ ਜਾ ਰਿਹਾ ਸੀ ਪਰ ਨਤੀਜੇ ਕਾਫੀ ਹੈਰਾਨੀਚਨਕ ਰਹੇ ਅਤੇ ਪਾਹੜਾ ਗਰੁੱਪ ਨੇ ਬਾਜਵਾ ਗਰੁੱਪ ਨੂੰ ਬੁਰੀ ਤਰ੍ਹਾਂ ਹਾਰ ਦਿੰਦੇ ਹੋਏ ਜਿਥੇ ਪਹਿਲਾ ਸਥਾਨ ਹਾਸਲ ਕੀਤਾ ਉਥੇ ਦੂਜੇ ਸਥਾਨ 'ਤੇ ਵੀ ਪਾਹੜਾ ਗਰੁੱਪ ਦਾ ਹੀ ਉਮੀਦਵਾਰ ਰਿਹਾ ਜਿਸਦੇ ਚਲਦਿਆਂ ਬਾਜਵਾ ਗਰੁੱਪ ਦਾ ਉਮੀਦਵਾਰ ਰਾਹੁਲ ਸ਼ਰਮਾ ਤੀਜੇ ਨੰਬਰ 'ਤੇ ਪਹੁੰਚ ਗਿਆ। ਜਿਲੇ ਨੂੰ ਨਵਾਂ ਯੂਥ ਕਾਂਗਰਸ ਪ੍ਰਧਾਨ ਮਿਲਣ ਦੇ ਨਾਲ-ਨਾਲ ਸਾਰੇ ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ ਵੀ ਬਣੇ ਹਨ।

---ਪਾਹੜਾ ਦਾ ਵਧਿਆ ਕੱਦ-----

ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਦੋ ਭਰਾ ਐਡਵੋਕੇਟ ਬਲਜੀਤ ਸਿੰਘ ਪਾਹੜਾ ਅਤੇ ਕਿਰਨਪ੍ਰਰੀਤ ਸਿੰਘ ਪਾਹੜਾ ਯੂਥ ਕਾਂਗਰਸ ਦੀ ਚੋਣ ਵਿਚ ਹਿੱਸਾ ਲਿਆ ਸੀ। ਜਦਕਿ ਦੂਜੇ ਪਾਸੇ ਬਾਜਵਾ ਗੁੱਟ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦਾ ਲੜਕਾ ਕੰਵਰਪਾਲ ਸਿੰਘ ਬਾਜਵਾ ਅਤੇ ਉਨ੍ਹਾਂ ਦਾ ਸਮਰਥਕ ਰਾਹੁਲ ਸ਼ਰਮਾ ਚੋਣ ਮੇੈਦਾਨ ਵਿਚ ਸੀ। ਹਾਲਾਂਕਿ ਕਰਨਪ੍ਰਰੀਤ ਸਿੰਘ ਅਤੇ ਕੰਵਰਪਾਲ ਸਿੰਘ ਬਾਜਵਾ ਜਨਰਲ ਸਕੱਤਰ ਦੀ ਚੋਣ ਲੜ ਰਹੇ ਸੀ। ਜਦਕਿ ਐਡਵੋਕੇਟ ਬਲਜੀਤ ਸਿੰਘ ਪਾਹੜਾ ਅਤੇ ਰਾਹੁਲ ਸ਼ਰਮਾ ਜ਼ਿਲ੍ਹੇ ਦੀ ਚੋਣ ਲੜ ਰਹੇ ਸੀ। ਚੋਣ ਦੌਰਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ 5243 ਰਿਕਾਰਡ ਵੋਟਾਂ ਹਾਸਲ ਕੀਤੀਆਂ ਹਨ। ਜਦਕਿ ਉਸਦੇ ਮੁਕਾਬਲੇ ਬਾਜਵਾ ਗੁੱਟ ਦੇ ਸਮਰਥਕ ਰਾਹੁਲ ਸ਼ਰਮਾ ਨੂੰ ਸਿਰਫ 635 ਵੋਟਾਂ ਮਿਲੀਆਂ ਹਨ ਜਿਸਦੇ ਚਲਦਿਆਂ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੀ ਇਤਿਹਾਸਕ ਜਿੱਤ ਹੋਈ ਹੈ ਅਤੇ ਜ਼ਿਲ੍ਹੇ ਵਿਚ ਪਾਹੜਾ ਦਾ ਰਾਜਨੀਤਿਕ ਕੱਦ ਵਧਿਆ ਹੈ।

---ਜ਼ਿਲ੍ਹਾ ਪ੍ਰਧਾਨ ਉਮੀਦਵਾਰਾਂ ਨੂੰ ਮਿਲੀਆਂ ਕਿੰਨੀਆਂ-ਕਿੰਨੀਆਂ ਵੋਟਾਂ--

ਜ਼ਿਲ੍ਹਾ ਪ੍ਰਧਾਨਗੀ ਜਿੱਤਣ ਵਾਲੇ ਬਲਜੀਤ ਸਿੰਘ ਪਾਹੜਾ ਨੂੰ ਸਭ ਤੋਂ ਵੱਧ 5243 ਵੋਟਾਂ ਮਿਲੀਆਂ ਹਨ। ਜਦਕਿ ਪਾਹੜਾ ਗਰੁੱਪ ਦੇ ਹੀ ਉਮੀਦਵਾਰ ਜਗਬੀਰ ਸਿੰਘ ਨੇ 658 ਵੋਟਾਂ ਲੈ ਕੇ ਦੂਜੇ, ਰਾਹੁਲ ਸ਼ਰਮਾ ਨੇ 635 ਵੋਟਾਂ ਲੈ ਕੇ ਤੀਜੇ ਅਤੇ ਅਮਿ੍ਤਪਾਲ ਸਿੰਘ ਨੇ 312 ਵੋਟਾਂ ਲੈ ਕੇ ਚੌਥਾ ਸਥਾਨ ਹਾਸਲ ਕੀਤਾ ਹੈ। ਜਿਸਦੇ ਚਲਦਿਆਂ ਐਡਵੋਕੇਟ ਬਲਜੀਤ ਸਿੰਘ ਪਾਹੜਾ ਜ਼ਿਲ੍ਹਾ ਪ੍ਰਧਾਨ ਹੋਣਗੇ। ਜਦਕਿ ਬਾਕੀ ਤਿੰਨ ਉਪ ਪ੍ਰਧਾਨ ਹੋਣਗੇ। ਇਸਦੇ ਇਲਾਵਾ ਜ਼ਿਲ੍ਹਾ ਪ੍ਰਧਾਨ ਦੀ ਚੋਣ ਲੜਨ ਵਾਲੇ ਉਮੀਦਵਾਰ ਦੀਪਕ ਰਾਜ ਸਿਰਫ 144 ਵੋਟਾਂ ਹਾਸਲ ਕਰਨ ਦੇ ਚਲਦਿਆਂ ਉਪ ਪਧਾਨ ਵੀ ਨਹੀਂ ਬਣ ਸਕੇ।

----ਜ਼ਿਲ੍ਹਾ ਜਨਰਲ ਸਕੱਤਰਾਂ ਨੂੰ ਇੰਨੀਆਂ ਮਿਲੀਆਂ ਵੋਟਾਂ---

ਜ਼ਿਲ੍ਹਾ ਜਨਰਲ ਸਕੱਤਰ ਦੀ ਦੌੜ ਵਿਚ ਸੱਤ ਉਮੀਦਵਾਰ ਮੈਦਾਨ ਵਿਚ ਸੀ ਜਿਸ ਵਿਚ ਅੰਮਿ੍ਤਪਾਲ ਸਿੰਘ ਨੇ 1910 ਵੋਟਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦਕਿ ਹਿਮਾਂਸ਼ੂ ਗੋਸਾਈ ਨੇ 1863, ਕੁਲਦੀਪ ਨੇ 1293, ਇੰਦਰਪਾਲ ਸਿੰਘ ਨੇ 575, ਨਵਰੋਸ ਸਿੰਘ ਨੇ 104, ਰਾਹੁਲ ਕੁਮਾਰ ਨੇ 81 ਅਤੇ ਸਿਮਰ ਮੱਟੂ ਨੇ 57 ਵੋਟਾਂ ਹਾਸਲ ਕੀਤੀਆਂ।

---ਇਹ ਰਿਹਾ ਹਲਕਾ ਪ੍ਰਧਾਨਾਂ ਦਾ ਨਤੀਜਾ----

ਗੁਰਦਾਸਪੁਰ ਵਿਚ ਨਕੁਲ ਮਹਾਜਨ 2995 ਵੋਟਾਂ ਲੈ ਕੇ ਹਲਕਾ ਪ੍ਰਧਾਨ ਬਣੇ। ਜਦਕਿ ਗੁਰਜੀਤ ਸਿੰਘ 505 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੇ। ਫਤਹਿਗੜ੍ਹ ਚੂੜੀਆਂ ਵਿਚ ਜਤਿੰਦਰ ਪਾਲ ਸਿੰਘ 260 ਵੋਟਾਂ ਲੈ ਕੇ ਹਲਕਾ ਪ੍ਰਧਾਨ ਬਣੇ। ਜਦਕਿ ਸੁਖਬੀਰ ਸਿੰਘ 29 ਵੋਟਾਂ ਲੈ ਕੇ ਦੁੂਜੇ ਸਥਾਨ 'ਤੇ ਰਹੇ। ਦੀਨਾਨਗਰ ਤੋਂ ਰਮਨੀਕ ਸਿੰਘ 221 ਵੋਟਾਂ ਲੈ ਕੇ ਹਲਕਾ ਪਧਾਨ ਬਣੇ। ਜਦਕਿ ਅਜੇ ਪਾਲ ਸਿੰਘ 33 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੇ। ਡੇਰਾ ਬਾਬਾ ਨਾਨਕ ਤੋਂ ਤੇਜ਼ਬੀਰ ਸਿੰਘ 846 ਵੋਟਾਂ ਲੈ ਕੇ ਹਲਕਾ ਪ੍ਰਧਾਨ ਬਣੇ। ਜਦਕਿ ਸੁਰਜਨ ਸਿੰਘ 57 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੇ। ਬਟਾਲਾ ਤੋਂ ਪ੍ਰਭਜੋਧ ਸਿੰਘ 457 ਵੋਟਾਂ ਲੈ ਕੇ ਹਲਕਾ ਪ੍ਰਧਾਨ ਬਣੇ। ਜਦਕਿ ਨਿਤਿਨਜੀਤ ਸਿੰਘ ਨੇ 91 ਅਤੇ ਅਮਨਦੀਪ ਸਿੰਘ ਨੇ 84 ਵੋਟਾਂ ਹਾਸਲ ਕੀਤੀਆਂ। ਸ਼੍ਰੀ ਹਰਗੋਬਿੰਦਪੁਰ ਤੋਂ ਹਰਮਨਦੀਪ ਸਿੰਘ ਨੇ 86 ਅੰਕ ਲੈ ਕੇ ਹਲਕਾ ਪ੍ਰਧਾਨ ਬਣੇ ਜਦਕਿ ਰਮਨ ਕੁਮਾਰ 67 ਅੰਕ ਲੈ ਕੇ ਦੂਜੇ ਸਥਾਨ 'ਤੇ ਰਹੇ। ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸੁਖਜੀਤ ਸਿੰਘ ਸਭ ਤੋਂ ਵੱਧ 256 ਵੋਟਾਂ ਲੈ ਕੇ ਹਲਕਾ ਪ੍ਰਧਾਨ ਬਣੇ। ਜਦਕਿ ਉਸ ਨਾਲ ਮੁਕਾਬਲਾ ਕਰ ਰਹੇ ਰਮਨਜੀਤ ਸਿੰਘ ਨੂੰ 97, ਅਭਿਸ਼ੇਕ ਗਿੱਲ ਨੂੰ 34, ਹਰਤੇਸ਼ ਨੂੰ 30, ਮਨਦੀਪ ਸਿੰਘ ਨੂੰ 11, ਕਰਨਬੀਰ ਸਿੰਘ ਨੂੰ ਨੋ, ਧਨਰਾਜ ਸਿੰਘ ਨੂੰ ਨੋ, ਹਰਦੀਪ ਸਿੰਘ ਨੂੰ 7, ਸਤਿੰਦਰ ਸਿੰਘ ਨੇ 4 ਵੋਟਾਂ ਹਾਸਲ ਕੀਤੀਆਂ।

-------ਆਤਿਸ਼ਬਾਜੀ ਅਤੇ ਢੋਲ ਡਗਿਅ ਨਾਲ ਹੋਇਆ ਸਵਾਗਤ---

ਜਿਵੇਂ ਹੀ ਬਲਜੀਤ ਸਿੰਘ ਪਾਹੜਾ ਦਾ ਜ਼ਿਲ੍ਹਾ ਪ੍ਰਧਾਨ ਦਾ ਐਲਾਨ ਹੋਇਆ ਤਾਂ ਪਾਹੜਾ ਸਮਰਥਕਾਂ ਵਿਚ ਭਾਰੀ ਖੁਸ਼ੀ ਦੀ ਲਹਿਰ ਦੌੜ ਗਈ। ਪਾਹੜਾ ਸਮਰਥਕ ਵੱਲੋਂ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਸ਼ਹਿਰ ਵਿਚ ਲੋਕਾਂ ਨੂੰ ਧੰਨਵਾਦ ਕੀਤਾ। ਇਸਦੇ ਬਾਅਦ ਪਾਹੜਾ ਗ੍ਹਿ ਵਿਖੇ ਪਹੁੰਚੇ ਸਮਰਥਕਾਂ ਵੱਲੋਂ ਲੱਡੂ ਵੰਡੇ ਗਏ ਅਤੇ ਢੋਲ ਦੇ ਡਗਿਆ 'ਤੇ ਭੰਗੜਾ ਪਾਉਣ ਦੇ ਨਾਲ ਨਾਲ ਆਤਿਸ਼ਬਾਜੀ ਕਰਕੇ ਖੁਸ਼ੀ ਮਨਾਈ ਗਈ।