ਸ਼ੂਗਰ ਮਿੱਲ ਪਨਿਆੜ ਵਿਖੇ 'ਸ਼ੂਗਰ ਕੰਪਲੈਕਸ' ਸਥਾਪਿਤ ਕੀਤਾ ਜਾਵੇਗਾ-ਕੈਬਨਿਟ ਮੰਤਰੀ ਰੰਧਾਵਾ

22ਜੀਆਰਪੀਪੀਬੀ-07

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਸ਼ੂਗਰ ਮਿੱਲ ਪਨਿਆੜ ਵਿਖੇ ਗੰਨੇ ਦੀ ਪਿੜਾਈ ਦੇ ਸ਼ੀਜ਼ਨ ਦੀ ਸ਼ੁਰੂਆਤ ਕਰਦੇ ਹੋਏ। ਨਾਲ ਹਨ ਗੁਰਮੀਤ ਸਿੰਘ ਪਾਹੜਾ ਤੇ ਹੋਰ।

ਆਕਾਸ਼/ਸ਼ਾਮ ਸਿੰਘ ਘੁੰਮਣ, ਗੁਰਦਾਸਪੁਰ : ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਹਿਕਾਰੀ ਖੰਡ ਮਿੱਲ ਪਨਿਆੜ ਵਿਖੇ ਮਿੱਲ ਦੇ 40ਵੇਂ ਪਿੜਾਈ ਦੇ ਸ਼ੀਜ਼ਨ (2019-20) ਦੀ ਸ਼ੁਰੂਆਤ ਕੀਤੀ। ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਪਲਵਿੰਦਰ ਸਿੰਘ ਬੱਲ ਜੁਆਇੰਟ ਰਜਿਸਟਰਾਰ ਜਲੰਧਰ, ਭਿੁਪੰਦਰ ਸਿੰਘ ਡੀਆਰ ਨਵਾਂ ਸ਼ਹਿਰ ਤੇ ਪ੍ਰਸ਼ਾਸਕ ਸ਼ੂਗਰ ਮਿੱਲ ਪਨਿਆੜ, ਡਾ. ਗੁਰਇਕਬਾਲ ਸਿੰਘ ਕਾਹਲੋਂ ਕੀਨ ਐਡਵਾਈਜ਼ਰ ਪੰਜਾਬ, ਜੇਪੀ ਸਿੰਘ ਓਐÎਸਡੀ ਅਤੇ ਸੁਰਿੰਦਰਪਾਲ ਜੀਐੱਮ ਪਨਿਆੜ ਮਿੱਲ ਹਾਜ਼ਰ ਸਨ।

ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਵਜ਼ੀਰ ਰੰਧਾਵਾ ਨੇ ਦੱਸਿਆ ਕਿ ਸ਼ੂਗਰ ਮਿੱਲ ਪਨਿਆੜ ਦੀ ਮੌਜੂਦਾ ਸਮੱਰਥਾ 2000 ਤੋਂ 5000 ਟਨ ਸਮਰੱਥਾ ਵਧਾਈ ਜਾਵੇਗੀ ਅਤੇ ਇਥੇ ਸ਼ੂਗਰ ਕੰਪਲੈਕਸ ਸਥਾਪਿਤ ਕੀਤਾ ਜਾਵੇਗਾ, ਜਿਸ ਦਾ ਨੀਂਹ ਪੱਥਰ 21 ਫਰਵਰੀ 2010 ਨੂੰ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ੂਗਰ ਕੰਪਲੈਕਸ ਵਿਚ ਈਥੋਨਲ, ਕੋ-ਜਨਰੇਸ਼ਨ (ਬਿਜਲੀ ਦੀ ਪੈਦਾਵਾਰ), ਡਿਸਟਲਰੀ ਪਲਾਂਟ ਤੇ ਖੰਡ ਬਣਾਈ ਜਾਵੇਗੀ ਤੇ ਸੂਬੇ ਭਰ ਦੀਆਂ ਸਾਰੀਆਂ ਮਿੱਲਾਂ ਨਾਲੋਂ ਪਨਿਆੜ ਮਿੱਲ ਨੂੰ ਹਰ ਪੱਖ ਤੋਂ ਵਿਕਸਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪਨਿਆੜ ਮਿੱਲ ਦੀ ਸਮਰੱਥਾ ਵਧਾਉਣ ਸਬੰਧੀ ਟੈਕਨੀਕਲ ਪੜਾਅ ਖਤਮ ਹੋ ਚੁੱਕਾ ਹੈ ਅਤੇ ਹਫਤੇ ਵਿਚ ਟੈਂਡਰ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਸ਼ੂਗਰ ਮਿੱਲ ਪਨਿਆੜ ਦੇ ਵਿਕਾਸ ਲਈ ਲਈ 350 ਕਰੋੜ ਰੁਪਏ ਅਤੇ ਬਟਾਲਾ ਮਿੱਲ ਲਈ 250 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨਾਂ ਦੱਸਿਆ ਕਿ ਸ਼ੂਗਰ ਮਿੱਲ ਅਜਨਾਲਾ ਦੀ ਸਮੱਰਥਾ ਵੀ ਵਧਾਈ ਜਾ ਰਹੀ ਹੈ।

ਰੰਧਾਵਾ ਨੇ ਅੱਗੇ ਕਿਹਾ ਕਿ ਫ਼ਸਲੀ ਵਿਭਿੰਨਤਾ ਅੱਜ ਸਮੇਂ ਦੀ ਲੋੜ ਹੈ ਅਤੇ ਗੰਨੇ ਦੇ ਫਸਲ ਦੀ ਕਾਸ਼ਤ ਕਿਸਾਨਾਂ ਲਈ ਸਭ ਤੋਂ ਵੱਧ ਕਾਰਗਰ ਤੇ ਮੁਨਾਫੇ ਵਾਲੀ ਫਸਲ ਹੈ। ਉਨਾਂ ਦੱਸਿਆ ਕਿ ਗੰਨੇ ਦੀ ਫਸਲ ਨੂੰ ਪਾਣੀ ਦੀ ਘੱਟ ਲੋੜ ਪੈਂਦੀ ਹੈ ਅਤੇ ਇਹ ਫਸਲ 8-9 ਮਹਿਨੇ ਵਿਚ ਤਿਆਰ ਹੋ ਜਾਂਦੀ ਹੈ। ਰੰਧਾਵਾ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਦੇ ਮੁਨਾਫੇ ਵਿਚ ਵਾਧਾ ਹੋਇਆ ਹੈ। ਰਿਕਰਵਰੀਆਂ ਵਧੀਆਂ ਹਨ। ਬਰੇਕ ਡਾਊਨ ਬਹੁਤ ਘੱਟ ਹੋਈ ਹੈ। ਉਨਾਂ ਕਿਹਾ ਕਿ ਸਹਿਕਾਰੀ ਮਿੱਲਾਂ ਕਿਸਾਨਾਂ ਦੀਆਂ ਆਪਣੀਆਂ ਮਿੱਲਾਂ ਹਨ ਅਤੇ ਸੂਬਾ ਸਰਕਾਰ ਗੰਨਾ ਕਾਸ਼ਤਕਾਰਾਂ ਦੀ ਹਰ ਮੁਸ਼ਕਿਲ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਵਚਨਬੱਧ ਹੈ।

ਸਹਿਕਾਰਤਾ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਆਉਂਦੇ ਪਿੜਾਈ ਸੀਜ਼ਨ ਦੌਰਾਨ ਗੰਨੇ ਦੀ ਸਪਲਾਈ ਲਈ ਆਨਲਾਈਨ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ। ਇਸ ਮੌਕੇ ਪਨਿਆੜ ਮਿੱਲ ਦੇ ਅਧਿਕਾਰੀਆਂ, ਕਿਸਾਨਾਂ ਅਤੇ ਮਜ਼ਦੂਰ ਵਰਕਰਜ਼ ਯੂਨੀਅਨ ਵਲੋਂ ਕੈਬਨਿਟ ਮੰਤਰੀ ਸ. ਰੰਧਾਵਾ ਦਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਰੰਧਾਵਾ ਵਲੋਂ ਅਗਾਂਹਵਧੂ ਕਿਸਾਨਾਂ ਤੇ ਮਿੱਲ ਵਿਚ ਗੰਨੇ ਦੀਆਂ ਪਹਿਲੀਆਂ ਪੰਜ ਟਰਾਲੀਆਂ ਲਿਆਉਣ ਵਾਲੇ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਵ ਸ੍ਰੀ ਓਦੈਵੀਰ ਸਿੰਘ ਰੰਧਾਵਾ, ਨਵਨੀਤ ਕੋਰ ਡਿਪਟੀ ਰਜਿਸਟਰਾਰ ਗੁਰਦਾਸਪੁਰ, ਦਿਲਬਾਗ ਸਿੰਘ ਲਾਲੀ ਚੀਮਾ, ਸੁਰਿੰਦਰ ਸ਼ਰਮਾ, ਸੁੱਚਾ ਸਿੰਘ ਰਾਮਨਗਰ, ਕੰਵਲਜੀਤ ਸਿੰਘ ਟੋਨੀ ਪੀਏ, ਸੁਖਵਿੰਦਰ ਸਿੰਘ ਸਮੇਤ ਕਿਸਾਨ ਹਾਜ਼ਰ ਸਨ।