ਨੀਟਾ ਮਾਹਲ, ਕਾਦੀਆਂ

ਸਥਾਨਕ ਟ੍ਰੈਕ ਦੇ ਪਿੱਛੇ ਸਥਿਤ ਇੱਕ ਘਰ ਦੇ ਮਾਲਕ ਵੱਲੋਂ ਆਪਣੇ ਘਰ ਦੇ ਨਾਲੇ ਦਾ ਪਾਣੀ ਸੜਕ ਦੇ ਵਿਚਕਾਰ ਛੱਡਣ ਕਰਕੇ ਲੋਕਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਪਿਛਲੇ ਕਾਫੀ ਸਮੇਂ ਤੋਂ ਪਾਣੀ ਸੜਕ ਵਿਚ ਦਾਖਲ ਹੋਣ ਕਾਰਨ ਸੜਕ ਵਿੱਚ ਟੋਏ ਪੈ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਵਿਅਕਤੀ ਪਿਛਲੇ ਕਾਫੀ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਦਾ ਪਾਣੀ ਸੜਕ 'ਤੇ ਛੱਡ ਰਹੇ ਹਨ, ਪਰ ਨਗਰ ਕੌਂਸਲ ਕਾਦੀਆਂ ਦੇ ਅਧਿਕਾਰੀਆਂ ਨੂੰ ਵੀ ਇਸ ਗੱਲ ਦਾ ਕੋਈ ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਅੱਜ ਤੱਕ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੇ ਸੜਕ ਦੇ ਮਾਲਕ ਨੂੰ ਨਹੀਂ ਰੋਕਿਆ। ਸੜਕ 'ਤੇ ਖੜ੍ਹੇ ਪਾਣੀ ਅਤੇ ਟੋਇਆਂ ਕਾਰਨ ਕਈ ਵਾਰ ਦੋ ਪਹੀਆ ਵਾਹਨ ਹਾਦਸੇ ਵੀ ਵਾਪਰ ਚੁੱਕੇ ਹਨ ਅਤੇ ਚਾਰ ਪਹਿਆ ਵਾਹਨ ਹਾਦਸਿਆਂ ਤੋਂ ਬਚ ਗਏ ਹਨ। ਆਸ-ਪਾਸ ਦੇ ਘਰਾਂ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ 'ਚ ਸੁੱਟੇ ਜਾ ਰਹੇ ਨਿਕਾਸੀ ਪਾਣੀ 'ਤੇ ਰੋਕ ਲਗਾਈ ਜਾਵੇ ਅਤੇ ਸੜਕ ਦੀ ਤੁਰੰਤ ਮੁਰੰਮਤ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਇਸ ਸਬੰਧੀ ਜਦੋਂ ਕਾਰਜਸਾਧਕ ਅਫ਼ਸਰ ਅਰੁਣ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨਾਂ੍ਹ ਤੁਰੰਤ ਸੈਨੇਟਰੀ ਇੰਸਪੈਕਟਰ ਕਮਲਪ੍ਰਰੀਤ ਸਿੰਘ ਉਰਫ਼ ਰਾਜਾ ਤੇ ਇੰਦਰਪ੍ਰਰੀਤ ਸਿੰਘ ਸਮੇਤ ਹੋਰ ਮੁਲਾਜ਼ਮਾਂ ਨੂੰ ਮੌਕੇ 'ਤੇ ਭੇਜਿਆ, ਜਿਨਾਂ੍ਹ ਨੇ ਉਕਤ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਸੜਕ 'ਤੇ ਪਾਣੀ ਛੱਡਣ ਤੋਂ ਸਖ਼ਤੀ ਨਾਲ ਵਰਜਿਆ ਅਤੇ ਹੋਰ ਹੱਲ ਕੱਢਣ ਦੀਆਂ ਹਦਾਇਤਾਂ ਜਾਰੀ ਕੀਤੀਆਂ।