ਕੁਲਦੀਪ ਜਾਫਲਪੁਰ, ਕਾਹਨੂੰਵਾਨ : ਲੋਕਾਂ ਨੂੰ ਦੇਸ਼ ਵਿਚ ਰੁਜ਼ਗਾਰ ਨਹੀਂ ਮਿਲਦਾ ਤੇ ਇਸੇ ਮਜਬੂਰੀ ਕਾਰਨ ਠੱਗ ਕਿਸਮ ਦੇ ਏਜੰਟ ਖਿਲਵਾੜ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ। ਇਹੋ ਜਿਹਾ ਮਾਮਲਾ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਭੂਸ਼ਾਂ ਦੇ ਨੌਜਵਾਨ ਦਾ ਹੈ ਜੋ 11 ਮਹੀਨਿਆਂ ਬਾਅਦ ਬੰਧੂਆ ਮਜ਼ਦੂਰੀ ਕਰ ਕੇ ਮਸਾਂ ਵਤਨ ਪਰਤਿਆ ਹੈ। ਆਪਣੇ ਘਰ ਵਿਚ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਾਲ ਨਵੰਬਰ ਮਹੀਨੇ ਨੇੜਲੇ ਪਿੰਡ ਜਾਗੋਵਾਲ ਬੇਟ ਦੇ ਏਜੰਟ ਰਾਹੀਂ ਡੇਢ ਲੱਖ ਰੁਪਏ ਦੇ ਕੇ ਡਰਾਈਵਰੀ ਕਰਨ ਸਾਊਦੀ ਅਰਬ ਗਿਆ ਸੀ। ਉਸ ਨੇ ਦੱਸਿਆ ਕਿ ਏਜੰਟ ਵੱਲੋਂ ਦੱਸੀ ਕੰਪਨੀ ਦੀ ਥਾਂ 'ਤੇ ਗਿਆ ਤਾਂ ਉਥੇ ਉਨ੍ਹਾਂ ਨੇ ਸ਼ੇਖ ਕੋਲ ਬੰਧੂਆ ਮਜ਼ਦੂਰੀ ਲਈ ਭੇਜ ਦਿੱਤਾ। ਏਜੰਟ ਦੱਸਦਾ ਸੀ ਕਿ ਉਸ ਨੂੰ 1500 ਰਿਆਲ ਤਨਖਾਹ ਮਿਲੇਗੀ ਪਰ ਉਥੇ ਸ਼ੇਖ ਨੇ 11 ਮਹੀਨਿਆਂ ਵਿਚ ਉਸ ਨੂੰ ਕੇਵਲ ਇੱਕੋ ਤਨਖਾਹ 1200 ਰਿਆਲ ਦਿੱਤੀ।

ਉਸ ਫੋਨ 'ਤੇ ਵਿੱਥਿਆ ਸੁਣਾਈ ਤਾਂ ਪਰਿਵਾਰ ਨੇ ਇਸ ਦੀ ਸ਼ਿਕਾਇਤ ਲਿਖਤੀ ਤੌਰ 'ਤੇ ਐੱਸਐੱਸਪੀ ਗੁਰਦਾਸਪੁਰ ਤੇ ਥਾਣਾ ਭੈਣੀ ਮੀਆਂ ਖਾਂ ਨੂੰ ਦਿੱਤੀ। ਇਸ ਦੌਰਾਨ ਡੀਐੱਸਪੀ ਰਾਜੇਸ਼ ਕੱਕੜ ਨੇ ਪੜਤਾਲ ਕਰਦੇ ਹੋਏ ਜਸਬੀਰ ਸਿੰਘ ਵਾਸੀ ਜਾਗੋਵਾਲ ਬੇਟ ਨੂੰ ਕਸੂਰਵਾਰ ਦੱਸਦਿਆਂ ਹੋਇਆਂ ਉਹਦੇ 'ਤੇ 420 ਦਾ ਮੁਕੱਦਮਾ ਦਰਜ ਕਰਨ ਦੀ ਸਿਫਾਰਸ਼ ਕੀਤੀ। ਇਸ ਮਗਰੋਂ 4 ਅਗਸਤ ਨੂੰ ਥਾਣਾ ਭੈਣੀ ਮੀਆਂ ਖਾਂ ਵਿਚ ਜਸਬੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਹੋ ਚੁੱਕਾ ਹੈ ਪਰ ਇਸ ਨੂੰ ਕਾਬੂ ਨਹੀਂ ਕੀਤਾ ਹੈ। ਕੁਲਦੀਪ ਨੇ ਦੱਸਿਆ ਕਿ ਸਾਊਦੀ ਤੋਂ ਉਸ ਦੀ ਖ਼ਲਾਸੀ ਹੈਲਪਲਾਈਨ ਗਰੁੱਪ ਵੱਲੋਂ ਹਰਨੇਕ ਸਿੰਘ ਰੰਧਾਵਾ, ਜੱਸੀ ਬੈਂਸ ਤੇ ਦਿਲਬਾਗ ਸਿੰਘ ਨੇ 2 ਲੱਖ ਰੁਪਏ ਦੇ ਕੇ ਕਰਵਾਈ ਹੈ, ਜਿਨ੍ਹਾਂ ਦਾ ਉਹ ਤਾ-ਉਮਰ ਸ਼ੁਕਰਗ਼ੁਜ਼ਾਰ ਰਹੇਗਾ।

ਅਧਿਕਾਰੀ ਦਾ ਪੱਖ

ਜਦੋਂ ਥਾਣਾ ਮੁਖੀ ਭੈਣੀ ਮੀਆਂ ਖਾਂ ਸਤਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਸਬੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਹੈ। ਉਸ ਨੂੰ ਕਾਬੂ ਕਰਨ ਲਈ ਛਾਪਾਮਾਰੀ ਜਾਰੀ ਹੈ।