ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹੇ ਜਾ ਰਹੇ ਕਰਤਾਰਪੁਰ ਲਾਂਘੇ ਦੌਰਾਨ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਲੈਂਡ ਪਾਰਟੀ ਆਫ ਇੰਡੀਆ ਵੱਲੋਂ ਉਸਾਰੇ ਜਾ ਰਹੇ ਕਰਤਾਰਪੁਰ ਟਰਮੀਨਲ ਵਿਚ 300 ਫੁੱਟ ਉੱਚਾ ਤਿਰੰਗਾ ਲਗਾਉਣ ਦਾ ਕੰਮ ਲੱਗਪਗ ਮੁਕੰਮਲ ਹੋ ਗਿਆ ਹੈ। ਇਸ ਵਾਸਤੇ 300 ਫੁੱਟ ਉੱਚਾ ਪੋਲ ਤਿਆਰ ਕਰ ਲਿਆ ਗਿਆ ਹੈ।

ਦੂਸਰੇ ਪਾਸੇ ਲੈਂਡ ਪੋਰਟ ਦੇ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ 20 ਅਕਤੂਬਰ ਨੂੰ 300 ਫੁੱਟ ਉੱਚਾ ਝੰਡਾ ਟਰਮੀਨਲ 'ਚ ਲਹਿਰਾਇਆ ਜਾਵੇਗਾ, ਜੋ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੇਗਾ। ਦੱਸਣਯੋਗ ਹੈ ਇਸ ਤਿਰੰਗੇ ਨੂੰ ਲਗਾਉਣ ਦਾ ਕੰਮ ਕੋਲਕਾਤਾ ਦੀ ਸਕਿੱਪਰ ਕੰਪਨੀ ਵੱਲੋਂ ਸ਼ੁਰੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸੁਪਰਵਾਈਜ਼ਰ ਆਨੰਦ ਨੇ ਦੱਸਿਆ ਕਿ ਤਿਰੰਗੇ ਦਾ ਨੀਂਹ ਪੱਥਰ ਰਮਨ ਕੁਮਾਰ ਪ੍ਰਾਜੈਕਟ ਡਾਇਰੈਕਟਰ ਵੱਲੋਂ ਰੱਖਿਆ ਗਿਆ ਸੀ।

ਉਨ੍ਹਾਂ ਹੋਰ ਦੱਸਿਆ ਕਿ ਇਸ 300 ਫੁੱਟ ਉੱਚੇ ਤਿਰੰਗੇ ਨੂੰ ਲਗਾਉਣ ਲਈ ਫਾਉਂਡੇਸ਼ਨ ਦੀ ਲੰਬਾਈ 7 ਮੀਟਰ ਅਤੇ ਚੌੜਾਈ 7 ਮੀਟਰ ਰੱਖੀ ਗਈ ਹੈ ਜਦਕਿ ਇਸਦੀ ਉਚਾਈ 11 ਮੀਟਰ ਹੋਵੇਗੀ। ਇਸਦੇ ਨਿਰਮਾਣ ਵਿਚ 20 ਐੱਮਐੱਮ, 16 ਐੱਮ ਐੱਮ ਅਤੇ 12 ਐੱਮਐੱਮ ਦਾ ਸਰੀਆ ਪਾਇਆ ਜਾ ਰਿਹਾ ਹੈ ਅਤੇ ਇਸ 'ਤੇ ਆਰਐਮਸੀ ਪਾਇਆ ਜਾਵੇਗਾ ਜਿਸ ਨਾਲ ਮਜ਼ਬੂਤੀ ਬੇਜੋੜ ਹੋਵੇਗੀ। ਇਸ ਫਾਉਂਡੇਸ਼ਨ'ਤੇ ਲਗਾਏ ਗਏ 300 ਫੁੱਟ ਉੱਚੇ ਪੋਲ ਤੇ 30 ਬਾਈ 20 ਦਾ ਤਿਰੰਗਾ ਲਹਿਰਾਇਆ ਜਾਵੇਗਾ। ਜਿਸ ਨੂੰ ਦੋਵਾਂ ਦੇਸ਼ਾਂ ਦੇ ਲੋਕ ਦੂਰ-ਦੁਰਾਡੇ ਤੋਂ ਦੇਖ ਸਕਣਗੇ।