ਸੱਤਪਾਲ ਜ਼ਖ਼ਮੀ, ਡੇਰਾ ਬਾਬਾ ਨਾਨਕ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਲਈ ਬਣ ਰਹੀ ਸੜਕ ਦਾ ਨਿਰਮਾਣ ਕਾਰਜ ਅੱਜ ਕਸਬੇ ਦੇ ਨਜ਼ਦੀਕੀ ਪਿੰਡ ਚੰਦੂ ਨੰਗਲ ਤੇ ਜੌੜੀਆਂ ਖੁਰਦ ਦੇ ਲੋਕਾਂ ਵੱਲੋਂ ਬੰਦ ਕਰਵਾ ਦਿੱਤਾ ਗਿਆ ਹੈ। ਅੱਜ ਸ਼ਾਮ ਉਕਤ ਪਿੰਡਾਂ ਦੇ ਲੋਕਾਂ ਨੇ ਸੜਕ ਦਾ ਨਿਰਮਾਣ ਕਰ ਰਹੀ ਸ਼ਿਗਾਲ ਕੰਪਨੀ ਦੇ ਨੁੰਮਾਇਦਿਆਂ ਨੂੰ ਸੜਕ ਦੇ ਰਸਤੇ 'ਚ ਧਰਨਾ ਲਗਾ ਕੇ ਰੋਕ ਦਿੱਤਾ। ਇਹ ਲੋਕ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਪਿੰਡ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੇ ਡੇਰਿਆਂ ਨਾਲੋਂ ਵੱਖਰਾ ਕਰ ਦਿੱਤਾ ਗਿਆ ਹੈ ਕਿਉਂਕਿ ਨੈਸ਼ਨਲ ਹਾਈਵੇ ਵੱਲੋਂ ਜਿਹੜੀ ਕਰਤਾਰਪੁਰ ਲਾਂਘੇ ਲਈ ਸੜਕ ਬਣਾਈ ਜਾ ਰਹੀ ਹੈ ਇਹ ਕਰੀਬ 7-8 ਫੁੱਟ ਉੱਚੀ ਹੈ। ਇਸ ਸੜਕ ਨੂੰ ਪਾਰ ਕੇ ਆਪਣੇ ਖੇਤਾਂ ਵਿਚ ਜਾਣਾ, ਮਾਲ ਡੰਗਰ, ਟਰੈਕਟਰ ਟਰਾਲੀਆਂ ਤੇ ਹੋਰ ਖੇਤੀਬਾੜੀ ਦੇ ਸੰਦ ਲੈ ਕੇ ਸੜਕ ਕਰਾਸ ਕਰ ਕੇ ਜਾਣਾ ਬਹੁਤ ਮੁਸ਼ਕਲ ਹੋ ਜਾਵੇਗਾ। ਪਿੰਡ ਦੇ ਮੋਹਤਬਰ ਵਿਅਕਤੀਆਂ ਰਣਜੀਤ ਸਿੰਘ ਬਾਜਵਾ ਸਾਬਕਾ ਸਰਪੰਚ, ਗੁਰਪਿੰਦਰ ਸਿੰਘ ਗੋਲਡੀ ਚੰਦੂ ਨੰਗਲ, ਬਲਕਾਰ ਸਿੰਘ, ਸ਼ਮਸ਼ੇਰ ਸਿੰਘ, ਸੁਰਜੀਤ ਸਿੰਘ, ਸਰਵਨ ਸਿੰਘ, ਕੁਲਦੀਪ ਸਿੰਘ ਬਾਜਵਾ, ਜਤਿੰਦਰ ਸਿੰਘ, ਸੁਖਦੇਵ ਸਿੰਘ, ਸਤਨਾਮ ਸਿੰਘ ਬਾਜਵਾ, ਬਲਦੇਵ ਸਿੰਘ ਸਾਬਕਾ ਸਰਪੰਚ, ਜੋਧ ਸਿੰਘ, ਹਰਦੀਪ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਬਾਬਾ ਜਗੀਰ ਸਿੰਘ, ਸੁਖਦੇਵ ਸਿੰਘ ਨੰਬਰਦਾਰ, ਬਚਨ ਸਿੰਘ, ਗੁਰਚਰਨ ਸਿੰਘ ਬਾਰੀਆ ਤੇ ਵੱਡੀ ਗਿਣਤੀ ਵਿਚ ਸ਼ਾਮਲ ਔਰਤਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਥੋਂ ਦੋ ਰਸਤੇ ਇਕ ਉਨ੍ਹਾਂ ਦੇ ਸ਼ਮਸ਼ਾਨਘਾਟ ਤੋਂ ਹੁੰਦਾ ਹੋਇਆ ਪਿੰਡ ਸਾਧਾਂਵਾਲੀ ਨੂੰ ਅਤੇ ਦੂਸਰਾ ਉਨ੍ਹਾਂ ਦੇ ਡੇਰਿਆਂ ਨੂੰ ਜਾਂਦਾ ਸੀ ਪਰ ਇਸ ਸੜਕ ਦੇ ਬਣਨ ਨਾਲ ਉਹ ਆਪਣੇ ਡੇਰਿਆਂ, ਜ਼ਮੀਨਾਂ, ਸ਼ਮਸ਼ਾਨਘਾਟ ਆਦਿ ਤੋਂ ਕੱਟੇ ਗਏ ਹਨ ਕਿਉਂਕਿ ਇਸ ਸੜਕ ਨੂੰ ਪਾਰ ਕਰ ਕੇ ਜਾਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਤੇ ਸਿਵਲ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਸ ਬਣ ਰਹੀ ਕਰਤਾਰਪੁਰ ਕੋਰੀਡੋਰ ਵਾਲੀ ਸੜਕ ਦੇ ਹੋਠੋਂ ਦੀ ਪੁੱਲ ਬਣਾ ਕੇ ਦਿੱਤਾ ਜਾਵੇ ਤਾਂ ਜੋ ਉਹ ਆਪਣੀਆਂ ਜ਼ਮੀਨਾਂ, ਮਾਲ ਡੰਗਰ ਦੀ ਦੇਖਭਾਲ ਵਾਸਤੇ ਅਸਾਨੀ ਨਾਲ ਆ ਜਾ ਸਕਣ ਤੇ ਟਰੈਕਟਰ ਟਰਾਲੀਆਂ, ਕੰਬਾਈਨਾਂ ਲੈ ਕੇ ਜ਼ਮੀਨ ਕਾਸ਼ਤ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਬਣ ਰਹੇ ਨੈਸ਼ਨਲ ਹਾਈਵੇ ਉੱਪਰੋਂ ਦੀ ਟਰੈਫਿਕ ਹੀ ਐਨੀ ਜ਼ਿਆਦਾ ਹੋਣੀ ਹੈ ਕਿ ਇਸ ਨੂੰ ਪਾਰ ਕਰ ਕੇ ਜਾਣਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ, ਜਿਸ ਨਾਲ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਲਈ ਬਹੁਤ ਮੁਸ਼ਕਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤਕ ਪ੍ਰਸ਼ਾਸਨ ਉਨ੍ਹਾਂ ਦੀ ਮੁਸ਼ਕਲ ਦਾ ਹੱਲ ਨਹੀਂ ਕਰੇਗਾ ਉਨਾ ਚਿਰ ਤਕ ਇਹ ਕੰਮ ਚਾਲੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਸੜਕ ਦਾ ਨਿਰਮਾਣ ਕਾਰਜ ਕਰ ਰਹੀ ਸ਼ਿਗਾਲ ਕੰਪਨੀ ਦੇ ਅਧਿਕਾਰੀ ਨੇ ਸੜਕ ਦਾ ਪਾਸ ਹੋਇਆ ਨਕਸ਼ਾ ਦਿਖਾਉਂਦੇ ਹੋਏ ਕਿਹਾ ਕਿ ਉਹ ਆਪਣਾ ਕੰਮ ਨਕਸ਼ੇ ਮੁਤਾਬਿਕ ਹੀ ਕਰ ਰਹੇ ਹਨ।