ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਪਾਕਿ ਦੀ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ 'ਤੇ ਖੋਲਿ੍ਆ ਲਾਂਘਾ ਸੋਮਵਾਰ ਨੂੰ ਭਾਰਤ ਸਰਕਾਰ ਦੇ ਆਦੇਸ਼ਾਂ ਦੇ ਮੱਦੇਨਜ਼ਰ ਬੰਦ ਹੋਣ ਕਾਰਨ ਜਿੱਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ 356 ਸ਼ਰਧਾਲੂਆਂ ਨੂੰ ਬੇਰੰਗ ਪਰਤਣਾ ਪਿਆ, ਉੱਥੇ ਸੋਮਵਾਰ ਨੂੰ ਸਾਰਾ ਦਿਨ ਪੈਸੰਜਰ ਟਰਮੀਨਲ 'ਚ ਸੁੰਨਸਾਨ ਛਾਈ ਰਹੀ।

ਇੱਥੇ ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ 9 ਨਵੰਬਰ 2019 ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ 128 ਦਿਨਾਂ ਬਾਅਦ ਇਸ ਨੂੰ 31 ਮਾਰਚ ਤਕ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ। ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ 'ਤੇ ਬਣੇ ਦਰਸ਼ਨੀ ਸਥਲ 'ਤੇ ਪੁੱਜੇ ਬਜ਼ੁਰਗ ਦਵਿੰਦਰ ਸਿੰਘ (83) ਵਾਸੀ ਫਰੀਦਾਬਾਦ ਨੇ ਦੱਸਿਆ ਕਿ ਉਸ ਦਾ ਜਨਮ ਭਾਰਤ ਪਾਕਿ ਬਟਵਾਰੇ ਤੋਂ ਪਹਿਲਾਂ ਪਾਕਿਸਤਾਨ ਸਥਿਤ ਪਿੰਡ ਮਲਖਾ ਵਾਲਾ ਵਿਖੇ ਹੋਇਆ ਸੀ ਅਤੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਸੀ।

ਪਿਛਲੇ ਸਮੇਂ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ 'ਤੇ ਖੋਲ੍ਹੇ ਕਰਤਾਰਪੁਰ ਲਾਂਘੇ ਰਾਹੀਂ ਉਨ੍ਹਾਂ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅਪਲਾਈ ਕੀਤਾ ਸੀ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਉਹ ਫਰੀਦਾਬਾਦ ਤੋਂ ਪਰਿਵਾਰ ਸਮੇਤ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਏ ਸਨ। ਰਸਤੇ 'ਚ ਉਨ੍ਹਾਂ ਨੂੰ ਫੋਨ 'ਤੇ ਮੈਸੇਜ ਆਇਆ ਕਿ ਕਰਤਾਰਪੁਰ ਲਾਂਘਾ ਬੰਦ ਹੋ ਗਿਆ ਹੈ।

ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਮੈਸੇਜ ਸੁਣ ਕੇ ਦਿਲ ਨੂੰ ਠੇਸ ਪਹੁੰਚੀ। ਇਸ ਤਰ੍ਹਾਂ ਸੋਮਵਾਰ ਨੂੰ ਬਹੁਤ ਸਾਰੇ ਸ਼ਰਧਾਲੂ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਗ਼ੈਰ ਹੀ ਬੇਰੰਗ ਪਰਤੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਜਿਨ੍ਹਾਂ ਸ਼ਰਧਾਲੂਆਂ ਦੇ ਵੀਜ਼ੇ ਲੱਗੇ ਹਨ ਉਨ੍ਹਾਂ ਨੂੰ ਤੁਰੰਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਸਹਿਮਤੀ ਦੇਣੀ ਚਾਹੀਦੀ ਹੈ।

ਸ਼ਰਧਾਲੂਆਂ ਕਿਹਾ ਕਿ ਗੁਰੂ ਘਰ ਦੇ ਦਰਸ਼ਨ ਕਰਨ ਨਾਲ ਦੁੱਖਾਂ ਤੋਂ ਛੁਟਕਾਰਾ ਮਿਲਦਾ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਟਰਮੀਨਲ 'ਚ ਸਿਹਤ ਵਿਭਾਗ, ਕਸਟਮ ਵਿਭਾਗ, ਇਮੀਗ੍ਰੇਸ਼ਨ ਅਤੇ ਬੀਐੱਸਐੱਫ ਤੋਂ ਇਲਾਵਾ ਖੁਫ਼ੀਆ ਵਿਭਾਗ ਦੇ ਕਰਮਚਾਰੀ ਤਾਇਨਾਤ ਰਹੇ।