ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ ਉੱਥੇ ਸ਼ੁੱਕਰਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ 'ਤੇ ਬਣਾਏ ਗਏ ਪੈਸੰਜਰ ਟਰਮੀਨਲ ਤੋਂ 35ਵੇਂ ਦਿਨ 438 ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਦਕਿ ਵੀਰਵਾਰ ਨੂੰ 411 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ। ਇਥੇ ਦੱਸਣਯੋਗ ਹੈ ਕਿ ਲਾਂਘਾ ਖੁੱਲ੍ਹਣ ਤੋਂ ਲੈ ਕੇ ਹੁਣ ਤਕ 19356 ਦੇ ਕਰੀਬ ਸ਼ਰਧਾਲੂਆਂ ਵੱਲੋਂ ਦਰਸ਼ਨ ਕੀਤੇ ਜਾ ਚੁੱਕੇ ਹਨ। ਸ਼ੁੱਕਰਵਾਰ ਨੂੰ ਮੀਂਹ ਦੌਰਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਗਈ ਸ਼ਰਧਾਲੂ ਬੀਬੀ ਭਜਨ ਕੌਰ ਖਰੜ ਪੈਰ ਤਿਲਕਣ ਕਾਰਨ ਡਿੱਗ ਪਏ ਜਿੱਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪ੍ਰਬੰਧਕਾਂ ਅਤੇ ਪਾਕਿਸਤਾਨ ਅਧਿਕਾਰੀਆਂ ਵੱਲੋਂ ਤੁਰੰਤ ਐਂਬੂਲੈਂਸ ਰਾਹੀਂ ਬੀਬੀ ਭਜਨ ਕੌਰ ਨੂੰ ਭਾਰਤੀ ਸਰਹੱਦ ਦੇ ਜ਼ੀਰੋ ਲਾਈਨ ਤਕ ਪਹੁੰਚਾਇਆ ਗਿਆ ਅਤੇ ਬੀਐੱਸਐੱਫ ਵੱਲੋਂ ਉਨ੍ਹਾਂ ਨੂੰ ਪੈਸੰਜਰ ਟਰਮੀਨਲ ਵਿਖੇ ਲਿਆਂਦਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਸੰਜਰ ਟਰਮੀਨਲ 'ਤੇ ਤਾਇਨਾਤ ਸਿਹਤ ਕਰਮੀ ਹੈਲਥ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਰਧਾਲੂ ਬੀਬੀ ਭਜਨ ਕੌਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਸ਼ੁੱਕਰਵਾਰ ਸਵੇਰੇ ਰਵਾਨਾ ਹੋਏ ਸਨ ਅਤੇ ਬਾਰਿਸ਼ ਦੌਰਾਨ ਉਨ੍ਹਾਂ ਦਾ ਪੈਰ ਤਿਲਕਣ ਕਾਰਨ ਜਦੋਂ ਉਨ੍ਹਾਂ ਨੂੰ ਪੈਸੰਜਰ ਟਰਮੀਨਲ 'ਤੇ ਲਿਆਂਦਾ ਗਿਆ ਤਾਂ ਤਾਂ ਪੈਸੰਜਰ ਟਰਮੀਨਲ 'ਤੇ ਤਾਇਨਾਤ ਸਿਹਤ ਕਰਮੀਆਂ ਵੱਲੋਂ 108 ਐਂਬੂਲੈਂਸ ਰਾਹੀਂ ਤੁਰੰਤ ਡੇਰਾ ਬਾਬਾ ਨਾਨਕ ਸਥਿਤ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਸਤਨਾਮ ਸਿੰਘ ਨੇ ਦੱਸਿਆ ਕਿ ਹਸਪਤਾਲ 'ਚ ਸ਼ਰਧਾਲੂ ਬੀਬੀ ਭਜਨ ਕੌਰ ਦਾ ਚੈੱਕਅਪ ਕਰਨ ਉਪਰੰਤ ਪਤਾ ਲੱਗਾ ਕਿ ਉਸ ਦੀ ਖੱਬੀ ਬਾਂਹ ਅਤੇ ਚੂਲੇ ਤੇ ਸੱਟ ਲੱਗੀ ਹੈ। ਜਿਸ ਦਾ ਇਲਾਜ ਕਰ ਕੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।