ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਡੇਰਾ ਬਾਬਾ ਨਾਨਕ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਪਿਛਲੇ ਸਮੇਂ ਦੌਰਾਨ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਕਰਤਾਰਪੁਰ ਲਾਂਘੇ ਦੇ ਨਿਰਮਾਣ ਦੇ ਮੱਦੇਨਜ਼ਰ ਢਹਿ ਢੇਰੀ ਕੀਤੇ ਗਏ ਸੁੰਦਰ ਦਰਸ਼ਨ ਅਸਥਾਨ, ਜਿਥੋਂ ਨਾਨਕ ਨਾਮ ਲੇਵਾ ਸੰਗਤ ਦੂਰਬੀਨ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀਆਂ ਸਨ, ਦਾ ਤੁਰੰਤ ਨਿਰਮਾਣ ਕਰਨ ਦੀ ਸੰਗਤ ਨੇ ਪੁਰਜ਼ੋਰ ਮੰਗ ਕੀਤੀ ਹੈ।

ਲੈਂਡ ਪੋਰਟ ਅਥਾਰਟੀ ਆਫ ਇੰਡੀਆ ਕੋਲੋਂ ਮੰਗ ਕਰਦਿਆਂ ਸ਼ਰਧਾਲੂ ਪ੍ਰਧਾਨ ਦਰਬਾਰਾ ਸਿੰਘ ਜ਼ਿਲ੍ਹਾ ਸੰਗਰੂਰ, ਹਾਕਮ ਸਿੰਘ ਵੱਡੀ ਖੇੜੀ, ਭਰਪੂਰ ਸਿੰਘ, ਪਰਉਪਕਾਰ ਸਿੰਘ, ਜਸਬੀਰ ਸਿੰਘ, ਡਾ. ਜਗਮੋਹਨ ਸਿੰਘ ਖਹਿਰਾ ਤੇ ਅਮਰੀਕ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਭਾਰਤ-ਪਾਕਿ ਸਰਹੱਦ 'ਤੇ ਬਾਬਾ ਸੁਖਦੀਪ ਸਿੰਘ ਬੇਦੀ ਅਤੇ ਬੀਐੱਸਐੱਫ ਦੇ ਸਹਿਯੋਗ ਨਾਲ ਸੁੰਦਰ ਅਤੇ ਮਨਮੋਹਕ ਦਰਸ਼ਨ ਸਥੱਲ ਲੱਖਾਂ ਰੁਪਿਆਂ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਸੀ।

ਇਸ 'ਤੇ ਲੱਗੀ ਦੂਰਬੀਨ ਰਾਹੀਂ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਦੇ ਸਨ। ਲਾਂਘੇ ਦੇ ਨਿਰਮਾਣ ਦੌਰਾਨ ਇਸ ਅਸਥਾਨ ਦੀ ਭੰਨ੍ਹ-ਤੋੜ ਕਰ ਦਿੱਤੀ ਗਈ ਸੀ, ਜਿਸ ਕਾਰਨ ਦਰਸ਼ਨ ਕਰਨ ਪਹੁੰਚੇ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਦੌਰਾਨ ਸ਼ਰਧਾਲੂਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਸਬੰਧੀ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸਰਹੱਦ 'ਤੇ ਦਰਸ਼ਨ ਅਸਥਾਨ ਬਣਾਉਣ ਦਾ ਨਮੂਨਾ ਤਿਆਰ ਕਰ ਲਿਆ ਗਿਆ ਹੈ ਅਤੇ ਆਉਂਦੇ ਦਿਨਾਂ ਵਿਚ ਆਧੁਨਿਕ ਸਹੂਲਤਾਂ ਨਾਲ ਦਰਸ਼ਨ ਅਸਥਾਨ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਜਾਵੇਗਾ।