ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਭਾਰਤ ਤੇ ਪਾਕਿਸਤਾਨ ਵੱਲੋਂ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੋਲ੍ਹੇ ਜਾ ਰਹੇ ਲਾਂਘੇ ਨੂੰ ਲੈ ਕੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ, ਉਥੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਕਰਤਾਰਪੁਰ ਲਾਂਘੇ ਨੂੰ ਹੁਣ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

ਵੀਰਵਾਰ ਨੂੰ ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਪਿੰਡ ਮਾਨ ਚੰਦੂਨੰਗਲ, ਜੌੜੀਆਂ ਪੱਖੋਕੇ, ਟਾਹਲੀ ਸਾਹਿਬ, ਡੇਰਾ ਬਾਬਾ ਨਾਨਕ ਦੀ ਜ਼ਮੀਨ ਵਿਚ ਉਸਾਰੇ ਜਾ ਰਹੇ ਲਾਂਘੇ ਦਾ 'ਪੰਜਾਬੀ ਜਾਗਰਣ' ਵੱਲੋਂ ਜਾਇਜ਼ਾ ਲਿਆ ਗਿਆ। ਜਿਥੇ ਐਨਐਚਏਆਈ ਵੱਲੋਂ ਫੋਰ ਲਾਈਨ ਦਾ ਕੰਮ ਲਗਭਗ ਮੁਕੰਮਲ ਕਰ ਲਿਆ ਗਿਆ ਹੈ ਉੱਥੇ ਸਰਵਿਸ ਲਾਈਨ ਦੇ ਨਿਰਮਾਣ ਤੋਂ ਇਲਾਵਾ ਪੀਐਨਐੱਸ ਕੰਪਨੀ ਦੇ 60 ਦੇ ਕਰੀਬ ਕਾਮਿਆਂ ਵੱਲੋਂ ਕਨਵਰਟ, ਡ੍ਰੇਨ ਵਾਟਰ, ਟਰਨਿੰਗ ਵਾਲ, ਬਾਕਸ ਕਨਵਰਟ ਦਾ ਨਿਰਮਾਣ ਲਗਾਤਾਰ ਚੌਵੀ ਘੰਟੇ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰੀਗਰ ਹੀਰਾ ਮਸੀਹ ਨੇ ਦੱਸਿਆ ਕਿ ਪੀ ਐਨ ਐੱਸ ਕੰਪਨੀ ਦੇ ਕਾਮਿਆਂ ਵੱਲੋਂ ਮੰਗਲਵਾਰ ਤੋਂ ਸਵੇਰੇ ਅੱਠ ਵਜੇ ਤੋਂ ਸ਼ੁਰੂ ਕੀਤਾ ਗਿਆ ਨਿਰਮਾਣ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਕਾਲਬਰਟ, ਡਰੇਨ ਵਾਟਰ, ਟਰਨਿੰਗ ਵਾਲ, ਬਾਕਸ ਕੱਲਵੱਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਲਾਈਟਾਂ ਲਈ ਖੰਭੇ, ਲਾਕੇਟ ਟਾਈਲ, ਫੁੱਲ ਬੂਟੇ ਲਗਾਉਣ ਲਈ ਕਰਬ, ਲਾਂਘੇ ਦੇ ਦੋਵੇਂ ਪਾਸੇ ਮਿੱਟੀ ਲਾਉਣ ਤੋਂ ਇਲਾਵਾ ਸਰਵਿਸ ਲੇਨ ਅਤੇ ਜਿਸ ਥਾਂ 'ਤੇ ਅੰਡਰ ਗਰਾਊਂਡ ਪੁਲੀਆਂ ਅਤੇ ਪੁਲ ਦਾ ਨਿਰਮਾਣ ਕੀਤਾ ਗਿਆ ਹੈ, ਦਾ ਕੰਮ ਲਗਪਗ ਮੁਕੰਮਲ ਹੈ।

ਕਰਤਾਰਪੁਰ ਲਾਂਘੇ ਦਾ ਨਿਰਮਾਣ ਕਰ ਰਹੀ ਸੀਗਲ ਕੰਪਨੀ ਦੇ ਉਪ ਪ੍ਰਧਾਨ ਜਤਿੰਦਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਲਾਂਘੇ ਦੀ ਫੋਰਲੇਨ ਅਤੇ ਸਰਵਿਸ ਲੇਨ ਦਾ ਕੰਮ ਅਤੇ ਹੋਰ ਅਧੂਰੇ ਕੰਮਾਂ ਨੂੰ ਪੂਰਾ ਕਰਨ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 14 ਅਕਤੂਬਰ ਨੂੰ ਗ੍ਰਹਿ ਵਿਭਾਗ ਦੇ ਨੁਮਾਇੰਦਿਆਂ ਤੋਂ ਇਲਾਵਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਲਾਂਘੇ ਦਾ ਜਾਇਜ਼ਾ ਲੈਣਗੇ।