ਆਕਾਸ਼/ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 8 ਨਵੰਬਰ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਡੇਰਾ ਬਾਬਾ ਨਾਨਕ ਵਿਖੇ ਲਾਂਘਾ ਖੋਲ੍ਹਣ ਸਬੰਧੀ ਉਦਘਾਟਨ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਬੁੱਧਵਾਰ ਨੂੰ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਅਤੇ ਗ੍ਰਹਿ ਮੰਤਰਾਲਾ ਵੱਲੋਂ ਪਹਿਲੀ ਵਾਰ ਕਰਤਾਰਪੁਰ ਲਾਂਘੇ ਬਾਰੇ ਮੀਡੀਆ ਨਾਲ ਰੂਬਰੂ ਹੋਏ।

ਇਸ ਮੌਕੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਗੋਬਿੰਦ ਮੋਹਨ ਪੱਤਰਕਾਰਾਂ ਨੂੰ ਜ਼ੀਰੋ ਲਾਈਨ ਤਕ ਨਿਰਮਾਣ ਕੀਤੇ ਗਏ ਲਾਂਘੇ ਅਤੇ ਟਰਮੀਨਲ ਦੇ ਨਿਰਮਾਣ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਕਰਤਾਰਪੁਰ ਟਰਮੀਨਲ ਦਾ ਨਿਰਮਾਣ 75 ਫ਼ੀਸਦ ਮੁਕੰਮਲ ਕਰ ਲਿਆ ਗਿਆ ਹੈ ਅਤੇ ਬਾਕੀ ਕੰਮ 31 ਅਕਤੂਬਰ ਤਕ ਸੰਪੂਰਨ ਕਰ ਲਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਟਰਮੀਨਲ ਦੇ ਪਹਿਲੇ ਫੇਜ਼ ਵਿਚ ਕਾਰ ਪਾਰਕਿੰਗ, ਈਐੱਸਐੱਸ ਬਲਾਕ ਅਤੇ ਯੂਟੀਲਿਟੀ ਬਲਾਕ ਦਾ ਕੰਮ ਮੁਕੰਮਲ ਕੀਤਾ ਗਿਆ ਜਦਕਿ ਚੈੱਕ ਪੋਸਟ ਟਰਮੀਨਲ ਪੈਸੰਜਰ ਬਲਾਕ ਦਾ ਨਿਰਮਾਣ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 5 ਮਹੀਨਿਆਂ ਵਿਚ ਟਰਮੀਨਲ ਨੂੰ ਅੰਤਰਰਾਸ਼ਟਰੀ ਏਅਰਪੋਰਟ ਵਰਗਾ ਬਣਾਇਆ ਜਾ ਰਿਹਾ ਹੈ ਜਿਸ ਵਿਚ ਪੰਜ ਹਜ਼ਾਰ ਸ਼ਰਧਾਲੂਆਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ।

ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਜਦਕਿ ਪਾਕਿਸਤਾਨ ਵਾਲੇ ਪਾਸਿਓਂ ਪੁਲ ਦਾ ਨਿਰਮਾਣ ਨਾ ਹੋਣ ਕਾਰਨ ਪਹਿਲਾ ਜੱਥਾ ਸਰਵਿਸ ਲੇਨ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਸ਼ਰਧਾਲੂ 20 ਅਕਤੂਬਰ ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ।

ਇਸ ਮੌਕੇ ਬੀਐੱਸਐੱਫ ਦੀ 10 ਬਟਾਲੀਅਨ ਦੀ ਟਾਊਨ ਪੋਸਟ ਵਿਖੇ ਪੱਤਰਕਾਰਾਂ ਨੂੰ ਕਰਤਾਰਪੁਰ ਟਰਮੀਨਲ ਸਬੰਧੀ ਪ੍ਰੋਜੈਕਟਰ ਰਾਹੀਂ ਜਾਣਕਾਰੀ ਦਿੱਤੀ।

ਟਰਮੀਨਲ ਦਾ ਨਿਰਮਾਣ ਕਰ ਰਹੀ ਸ਼ਾਹਪੁਰ ਸਪੰਜੀ ਕੰਪਨੀ ਦੇ ਨਾਰਥ ਜ਼ੋਨ ਦੇ ਇੰਚਾਰਜ ਸ਼ਲਿੰਦਰ ਆਜੜੀ ਨੇ ਕਿਹਾ ਕਿ ਟਰਮੀਨਲ ਦਾ ਨਿਰਮਾਣ 4 ਜੂਨ ਤੋਂ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਬਰਸਾਤੀ ਮੌਸਮ, ਮਾਈਨਿੰਗ ਦੀ ਮੁਸ਼ਕਲ ਤੋਂ ਇਲਾਵਾ ਸਰੀਆ ਅਤੇ ਟਰਾਂਸਪੋਰਟ ਦੀਆਂ ਸਮੱਸਿਆਵਾਂ ਦੇ ਬਾਵਜੂਦ ਪੰਜ ਮਹੀਨੇ ਵਿਚ ਏਅਰਪੋਰਟ ਵਰਗਾ ਆਲੀਸ਼ਾਨ ਟਰਮੀਨਲ 31 ਅਕਤੂਬਰ ਤਕ ਮੁਕੰਮਲ ਕਰਕੇ ਸਰਕਾਰ ਨੂੰ ਸੌਂਪ ਦਿਤਾ ਜਾਵੇਗਾ।

ਬੀਐੱਸਐੱਫ ਦੇ ਡੀਆਈਜੀ ਬੀ.ਐੱਸ. ਰਾਵਤ, ਫਰੰਟੀਅਰ ਜਲੰਧਰ ਅਤੇ ਡੀਆਈਜੀ ਰਾਜੇਸ਼ ਸ਼ਰਮਾ ਨੇ ਪੱਤਰਕਾਰਾਂ ਨੂੰ ਜ਼ੀਰੋ ਲਾਈਨ ਸਥਿਤ ਨਿਰਮਾਣ ਕੀਤੇ ਗਏ ਬਿ੍ਜ ਅਤੇ ਜ਼ੀਰੋ ਲਾਈਨ 'ਤੇ ਪਾਕਿਸਤਾਨ ਨੂੰ ਜਾਣ ਲਈ ਲਗਾਏ ਗੇਟਾਂ 'ਤੇ ਬੀਐੱਸਐੱਫ ਦੀਆਂ ਬੱਸਾਂ ਰਾਹੀਂ ਪਹੁੰਚਾਇਆ। ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਇਕ ਬਟਾਲੀਅਨ ਆਉਣ ਵਾਲੇ ਸਮੇਂ ਵਿਚ ਕਰਤਾਰਪੁਰ ਲਗਾਈ ਜਾ ਰਹੀ ਹੈ।

ਇਸ ਮੌਕੇ ਲੈਂਡ ਪੋਰਟ ਅਥਾਰਟੀ ਦੇ ਪ੍ਰਰਾਜੈਕਟ ਡਾਇਰੈਕਟਰ ਰਮਨ ਕੁਮਾਰ, ਡਿਪਟੀ ਡਾਇਰੈਕਟਰ ਸੁਖਦੇਵ ਸਿੰਘ, ਕੁਲਦੀਪ ਰਾਜੂ ਟੂ ਆਈ ਸੀ, ਰਾਮ ਸਿੰਘ ਯਾਦਵ ਡਿਪਟੀ ਕਮਾਂਡੈਟ, ਨਰਿੰਦਰ ਕੁਮਾਰ ਡੀਸੀਜੀ, ਸੰਜੀਵ ਕਾਲੜਾ ਡਿਪਟੀ ਕਮਾਂਡੈਂਟ, ਮਨੀਸ਼ ਕੁਮਾਰ ਕੰਪਨੀ ਕਮਾਂਡਰ ਮੌਜੂਦ ਸਨ।