ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਬਹਾਨੇ ਪਾਕਿਸਤਾਨ ਆਪਣੇ ਕਥਿਤ ਪ੍ਰੇਮੀ ਨੂੰ ਮਿਲਣ ਗਈ ਗਈ ਹਰਿਆਣੇ ਦੀ ਜੰਮਪਲ ਲੜਕੀ ਨੂੰ ਪਾਕਿਸਤਾਨੀ ਏਜੰਸੀਆਂ ਨੇ ਵਾਪਸ ਭਾਰਤ ਭੇਜ ਦਿੱਤਾ ਹੈ ਜਦਕਿ ਉਸ ਦੇ ਪ੍ਰੇਮੀ ਤੋਂ ਡੂੰਘੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਫੇਸਬੁੱਕ ਰਾਹੀਂ ਲੜਕੀ ਦੀ ਦੋਸਤੀ ਪਾਕਿਸਤਾਨ ਦੇ ਪਿੰਡ ਵਿਕਰਮ ਵਾਲੀ ਦੇ ਰਹਿਣ ਵਾਲੇ ਨੌਜਵਾਨ ਅਵੈਦ ਮੁਖ਼ਤਾਰ ਨਾਲ ਹੋ ਗਈ ਸੀ। ਉਸ ਨੂੰ ਮਿਲਣ ਲਈ ਉਹ ਸੋਮਵਾਰ ਨੂੰ ਉਹ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਬਹਾਨੇ ਪਾਕਿਸਤਾਨ ਗਈ ਸੀ। ਇਹ ਲੜਕੀ ਜਦੋਂ ਗੁਰਦੁਆਰਾ ਸਾਹਿਬ ਦੀ ਦੂਜੀ ਮੰਜ਼ਿਲ 'ਤੇ ਮੁਖ਼ਤਾਰ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਨੇ ਉਸ ਦੀ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ।

ਪਾਕਿ ਮੀਡੀਆ ਅਨੁਸਾਰ ਲੜਕੀ ਨੂੰ ਪਾਕਿਸਤਾਨ ਜਾਣ ਦੀ ਕੋਸ਼ਿਸ਼ ਵਿਚ ਡੀਐੱਸਪੀ ਤਰਨ ਮੁਹੰਮਦ ਨੇ ਹਿਰਾਸਤ ਵਿਚ ਲੈ ਲਿਆ। ਉਸ ਤੋਂ ਬਾਅਦ ਲੜਕੀ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ ਜਿਨ੍ਹਾਂ ਨੇ ਇਕ ਗੱਡੀ ਰਾਹੀਂ ਉਸ ਨੂੰ ਭਾਰਤ ਭੇਜ ਦਿੱਤਾ।

ਬੀਐੱਸਐੱਫ ਅਧਿਕਾਰੀਆਂ ਨੇ ਕਿਹਾ ਕਿ ਉਕਤ ਲੜਕੀ ਦੂਜੇ ਯਾਤਰੀਆਂ ਵਾਂਗ ਹੀ ਭਾਰਤ ਪਰਤੀ ਹੈ ਤੇ ਇਸ ਸਬੰਧੀ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਭਾਰਤੀ ਲੜਕੀ ਦੇ ਪਾਕਿਸਤਾਨ ਪੁੱਜ ਕੇ ਆਪਣੇ ਦੋਸਤ ਨੂੰ ਮਿਲਣ ਦੀਆਂ ਖ਼ਬਰਾਂ ਨੂੰ ਪਾਕਿ ਮੀਡੀਆ ਨੇ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਸੀ।