ਮਹਿੰਦਰ ਸਿੰਘ ਅਰਲੀਭੰਨ ਕਲਾਨੌਰ : ਬਲਾਕ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਡੇਅਰੀਵਾਲ ਕਿਰਨ ਦੀ ਗਰਾਮ ਪੰਚਾਇਤ ਦੇ ਅਗਾਂਹਵਧੂ ਸਰਪੰਚ ਲਖਵਿੰਦਰ ਸਿੰਘ ਡੇਹਰੀਵਾਲ ਕਿਰਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਦੁਖਦਾਈ ਘਟਨਾ ਕਾਰਨ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੁਲਿਸ ਥਾਣਾ ਕਲਾਨੌਰ ਨੂੰ ਦਿੱਤੀ ਗਈ ਸੂਚਨਾ ਵਿੱਚ ਬਲਜੀਤ ਸਿੰਘ ਪੁੱਤਰ ਅਪਾਰ ਸਿੰਘ ਨੇ ਦੱਸਿਆ ਕਿ ਸਰਪੰਚ ਲਖਵਿੰਦਰ ਸਿੰਘ ਡੇਅਰੀਵਾਲ ਮੰਗਲਵਾਰ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਸਿਆ ਦੇ ਦਿਹਾੜੇ ਮੌਕੇ ਗਿਆ ਸੀ, ਜਿੱਥੇ ਮੰਗਲਵਾਰ ਦੀ ਰਾਤ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਉਪਰੰਤ ਬੁੱਧਵਾਰ ਨੂੰ ਮੋਟਰਸਾਈਕਲ 'ਤੇ ਸਵਾਰ ਬਟਾਲਾ ਤੋਂ ਕਲਾਨੌਰ ਨੂੰ ਆ ਰਿਹਾ ਸੀ ਕਿ ਜਦੋਂ ਉਹ ਅੱਡਾ ਦਲੇਰਪੁਰ ਕੋਟ ਮੀਆਂ ਸਾਹਿਬ ਨੇੜੇ ਪੁੱਜਾ ਤਾਂ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਮੋਟਰਸਾਈਕਲ ਸੜਕ ਕਿਨਾਰੇ ਲੱਗੇ ਸਫੈਦਿਆਂ ਦੇ ਦਰਖ਼ਤਾਂ ਵਿੱਚ ਟਕਰਾਉਣ ਕਾਰਨ ਲਖਵਿੰਦਰ ਸਿੰਘ ਗੰਭੀਰ ਫੱਟੜ ਹੋਣ ਉਪਰੰਤ ਦਮ ਤੋੜ ਗਿਆ। ਇਸ ਸਬੰਧੀ ਪੁਲਿਸ ਥਾਣਾ ਕਲਾਨੌਰ ਵੱਲੋਂ 174 ਦੀ ਕਾਰਵਾਈ ਕਰਨ ਉਪਰੰਤ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਪੋਸਟਮਾਰਟਮ ਕਰਵਾ ਕਿ ਮ੍ਰਿਤਕ ਦੇਹ ਵਾਰਸਾਂ ਦੇ ਸਪੁਰਦ ਕਰ ਦਿੱਤੀ ਗਈ। ਅਗਾਂਹਵਧੂ ਸਰਪੰਚ ਲਖਵਿੰਦਰ ਸਿੰਘ ਦਾ ਇਕ ਬੇਟਾ ਖੇਤੀਬਾੜੀ ਤੇ ਇੱਕ ਬੇਟਾ ਫ਼ੌਜ ਵਿੱਚ ਤਾਇਨਾਤ ਹੈ। ਸਰਪੰਚ ਲਖਵਿੰਦਰ ਸਿੰਘ ਦੀ ਬੇਵਕਤੀ ਮੌਤ ਕਾਰਨ ਇਲਾਕੇ ਦੇ ਸਰਪੰਚਾਂ, ਪੰਚਾਂ, ਸਮਾਜ ਸੇਵੀ ਜਥੇਬੰਦੀਆਂ, ਰਾਜਨੀਤਕ ਆਗੂਆਂ ਤੇ ਧਾਰਮਿਕ ਸੰਗਠਨਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

Posted By: Sarabjeet Kaur