ਸ਼ਾਮ ਸਿੰਘ ਘੁੰਮਣ, ਦੀਨਾਨਗਰ

ਕੈਬਨਿਟ ਮੰਤਰੀ ਅਰੁਨਾ ਚੌਧਰੀ ਦੇ ਵਿਸ਼ੇਸ ਯਤਨਾਂ ਸਦਕਾ ਪਿੰਡ ਅਵਾਂਖਾ ਵਿਖੇ ਉਸਾਰੇ ਗਏ ਮਹਾਰਾਣਾ ਪ੍ਰਤਾਪ ਖੇਡ ਸਟੇਡੀਅਮ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਅਰੁਨਾ ਚੌਧਰੀ ਵੱਲੋਂ ਕੀਤਾ ਗਿਆ। ਖੇਡ ਸਟੇਡੀਅਮ ਜਨਤਾ ਨੂੰ ਸਮਰਪਿਤ ਕੀਤੇ ਜਾਣ ਮੌਕੇ ਤੇ ਸਰਪੰਚ ਗੀਤਾ ਠਾਕੁਰ ਅਤੇ ਜੋਨ ਇੰਚਾਰਜ ਯਸ਼ਪਾਲ ਠਾਕੁਰ ਦੀ ਅਗਵਾਈ ਹੇਠ ਕਰਵਾਏ ਗਏ ਸਾਦੇ ਸਮਾਗਮ ਵਿੱਚ ਕੈਬਨਿਟ ਮੰਤਰੀ ਅਰੁਨਾ ਚੌਧਰੀ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਦੇ ਪਹੁੰਚਣ ਤੇ ਗ੍ਰਾਮ ਪੰਚਾਇਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸਟੇਡੀਅਮ ਅੰਦਰ ਲੱਗੇ ਸਾਜੋ ਸਮਾਨ ਅਤੇ ਓਪਨ ਜਿੰਮ ਦਾ ਨਿਰੀਖਣ ਕਰਨ ਉਪਰੰਤ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਜਿਹੇ ਉਪਰਾਲਿਆਂ ਦੀ ਸਖਤ ਲੋੜ ਹੈ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਦਾ ਰਾਹ ਛੱਡ ਕੇ ਖੇਡਾਂ ਅਤੇ ਤੰਦਰੁਸਤੀ ਵੱਲ ਧਿਆਨ ਦੇਵੇ ਅਤੇ ਨਰੋਆ ਜੀਵਨ ਬਤੀਤ ਕਰ ਸਕੇ। ਉਹਨਾਂ ਨੇ ਕਿਹਾ ਕਿ ਪਿੰਡ ਅਵਾਂਖਾ ਨੂੰ ਮਾਡਲ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ। ਪਿੰਡ ਦੇ ਛੱਪੜ ਦਾ ਨਿਰਮਾਣ ਸੰਤ ਸੀਚੇਵਾਲ ਮਾਡਲ ਤੇ ਕੀਤਾ ਜਾਵੇਗਾ, ਜਿਸ ਦੇ ਆਲੇ ਦੁਆਲੇ ਰੁੱਖ ਲਗਾਏ ਜਾਣਗੇ ਅਤੇ ਇੰਟਰਲਾਕ ਟਾਈਲਾਂ ਲਗਵਾ ਕੇ ਲੋਕਾਂ ਦੇ ਸੈਰ ਕਰਨ ਲਈ ਸਥਾਨ ਤਿਆਰ ਕੀਤਾ ਜਾਵੇਗਾ। ਸਮਾਗਮ ਨੂੰ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਨਰੇਸ਼ ਠਾਕੁਰ ਨੇ ਨਿਭਾਈ। ਇਸ ਦੌਰਾਨ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਪਿੰਡ ਦੇ ਬੱਚਿਆਂ ਨੰੂ ਵੀ ਸਨਮਾਨਿਤ ਕੀਤਾ ਗਿਆ ਅਤੇ ਕ੍ਰਿਕਟ ਕਿੱਟਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਤੇ ਮੀਡੀਆ ਸਹਾਇਕ ਦੀਪਕ ਭੱਲਾ, ਬੀਡੀਪੀਓ ਸੁਖਜੀਤ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਮਨਜੀਤ ਸਿੰਘ ਮੰਜ, ਐਸਐਚਓ ਕੁਲਵਿੰਦਰ ਸਿੰਘ, ਰਾਣਾ ਦਲਬੀਰ ਸਿੰਘ, ਰਿਟਾ. ਸੁਪਰਡੈਂਟ ਲਾਲ ਚੰਦ, ਰਜਿੰਦਰ ਸਿੰੰਘ ਬਾਜਵਾ ਅਤੇ ਵਰਿੰਦਰ ਸਿੰਘ ਨੌਸ਼ਹਿਰਾ ਵੀ ਹਾਜ਼ਰ ਸਨ।