ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਤਿਆਰ ਕਰਵਾਏ ਜਾ ਰਹੇ ਨੈਸ਼ਨਲ ਹਾਈਵੇਅ ਗੁਰਦਾਸਪੁਰ-ਰਮਦਾਸ-ਡੇਰਾ ਬਾਬਾ ਨਾਨਕ 354 ਦਾ ਨਿਰਮਾਣ ਮੱਠੀ ਚਾਲ ਨਾਲ ਹੋਣ ਸਬੰਧੀ ਬੁੱਧਵਾਰ ਪੰਜਾਬੀ ਜਾਗਰਣ ਵਿੱਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਖ਼ਬਰ ਨੇ ਤੁਰੰਤ ਅਸਰ ਦਿਖਾਇਆ ਹੈ।

ਇਸ ਖ਼ਬਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਹਰਕਤ ਵਿਚ ਲਿਆਂਦਾ। ਜਿਸਦੇ ਸਿੱਟੇ ਵਜੋਂ ਅੱਜ ਇਸ ਮਾਰਗ ਦੇ ਨਿਰਮਾਣ ਵਿੱਚ ਤੇਜ਼ੀ ਲਿਆਂਦੀ ਗਈ ਹੈ। ਲੇਬਰ ਵੱਲੋਂ ਸੜਕ ਉੱਪਰ ਬੱਜਰੀ, ਲੁੱਕ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜੇਕਰ ਇਸੇ ਤਰ੍ਹਾਂ ਲਗਾਤਾਰ ਕੰਮ ਚਲਦਾ ਰਿਹਾ ਤਾਂ ਛੇਤੀ ਹੀ ਇਸ ਮਾਰਗ ਦਾ ਨਿਰਮਾਣ ਮੁਕੰਮਲ ਹੋ ਜਾਵੇਗਾ। ਜਿਸ ਸਬੰਧੀ ਇਸ ਖੇਤਰ ਦੇ ਰਾਹਗੀਰਾਂ ਵੱਲੋਂ ਪੰਜਾਬੀ ਜਾਗਰਣ ਦਾ ਧੰਨਵਾਦ ਕੀਤਾ ਗਿਆ। ਦੱਸਣਯੋਗ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਨਿਰਧਾਰਤ ਕੀਤੀ ਗਈ ਸੀਗਲ ਕੰਪਨੀ ਵੱਲੋਂ ਗੁਰਦਾਸਪੁਰ, ਡੇਰਾ ਬਾਬਾ ਨਾਨਕ, ਰਮਦਾਸ ਦੇ 48.5 ਕਿਲੋਮੀਟਰ ਲੰਬੇ ਮਾਰਗ ਨੂੰ 150 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਜਾ ਰਿਹਾ ਹੈ।

ਸੀਗਲ ਕੰਪਨੀ ਵੱਲੋਂ ਹੀ ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਨੇਪਰੇ ਚੜ੍ਹਾਉਣ ਕਾਰਨ ਇਸ ਮਾਰਗ 'ਤੇ ਨਿਰਮਾਣ ਕਰ ਰਹੀ ਲੇਬਰ ਨੂੰ ਹਟਾ ਕੇ ਕਰਤਾਰਪੁਰ ਕੋਰੀਡੋਰ 'ਤੇ ਲਾ ਦਿੱਤਾ ਗਿਆ ਸੀ, ਜਿਸ ਕਾਰਨ ਇਸ ਮਾਰਗ ਦਾ ਨਿਰਮਾਣ ਅੱਧ ਵਿਚਾਲੇ ਲਟਕ ਗਿਆ ਸੀ। ਮਾਰਗ ਦੀ ਅੱਤ ਖਸਤਾ ਹਾਲਤ ਕਾਰਨ ਲਾਂਘੇ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਰਾਹਗੀਰ ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਹਰਦੇਵ ਸਿੰਘ, ਅਵਤਾਰ ਸਿੰਘ, ਪਰਮਿੰਦਰ ਸਿੰਘ ਆਦਿ ਨੇ ਕਿਹਾ ਕਿ ਪੰਜਾਬੀ ਜਾਗਰਣ ਵੱਲੋਂ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕਰਨ ਤੋਂ ਬਾਅਦ ਹੀ ਅਧਿਕਾਰੀਆਂ ਦੀ ਨੀਂਦ ਖੁੱਲ੍ਹੀ ਹੈ।