ਜੇਐੱਨਐੱਨ, ਪਠਾਨਕੋਟ : ਵਿਦੇਸ਼ 'ਚ ਨੌਕਰੀ ਦਾ ਸੁਫਨਾ ਲਏ ਤਿੰਨ ਨੌਜਵਾਨਾਂ ਨੂੰ ਠੱਗੀ ਦਾ ਸ਼ਿਕਾਰ ਹੋਣਾ ਪਿਆ ਹੈ। ਨੌਜਵਾਨਾਂ ਨੂੰ ਦੋ ਲੋਕਾਂ ਨੇ ਝਾਂਸਾ ਦੇ ਕੇ ਸਾਢੇ 8 ਲੱਖ ਰੁਪਏ ਠੱਗ ਲਏ। ਦੋ ਸਾਲ ਤਕ ਮੁਲਜ਼ਮ ਨੌਜਵਾਨਾਂ ਨੂੰ ਵਿਦੇਸ ਭੇਜਣ ਦਾ ਝੂਠਾ ਦਿਲਾਸਾ ਦਿੰਦੇ ਰਹੇ। ਹੁਣ ਪੀੜਤਾਂ ਨੇ ਪੁਲਿਸ ਥਾਣਾ ਨੰਬਰ ਦੋ ਪਠਾਨਕੋਟ ਵਿਚ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਠਾਨਕੋਟ ਵਿਚ ਪਿਛਲੇ ਤਿੰਨ ਦਿਨਾਂ ਵਿਚ ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਦੇਹੀ ਦਾ ਇਹ ਦੂਜਾ ਮਾਮਲਾ ਹੈ ਜਦਕਿ, ਪਿਛਲੇ ਸਾਲ ਅਜਿਹੇ 22 ਮਾਮਲਿਆਂ ਦੀਆਂ ਸ਼ਿਕਾਇਤਾਂ ਪੁਲਿਸ ਕੋਲ ਆਈਆਂ ਹਨ।

ਸ਼ਿਕਾਇਤ ਵਿਚ ਅਸ਼ੋਕ ਕੁਮਾਰ ਨਿਵਾਸੀ ਰਵਿਦਾਸ ਨਗਰ ਕੌਤਰਪੁਰ ਨੇ ਦੱਸਿਆ ਕਿ ਮਨੋਜ ਕੁਮਾਰ ਤੇ ਸਚਿਨ ਨਿਵਾਸੀ ਰਾਨੀਪੁਰ ਉਪਰਲਾ ਥਾਣਾ ਸ਼ਾਹਪੁਰਕੰਡੀ ਨੇ ਵਿਦੇਸ਼ ਭੇਜਣ ਦੇ ਨਾੈਂ 'ਤੇ ਧੋਖਾਦੇਹੀ ਕੀਤੀ ਹੈ। ਦੋਵਾਂ ਲੋਕਾਂ ਨੇ ਲਗਪਗ ਦੋ ਸਾਲ ਪਹਿਲੇ ਜੋਗਿੰਦਰ ਪਾਲ, ਸੋਹਨ ਲਾਲ ਤੇ ਰਾਜ ਕੁਮਾਰ ਨਿਵਾਸੀ ਦੌਤਪੁਰ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕੀਤਾ ਸੀ। ਇਸਦੀ ਇਵਜ਼ ਵਿਚ 8 ਲੱਖ 60 ਹਜ਼ਾਰ ਰੁਪਏ ਦਿੱਤੇ ਸਨ। ਕਾਫੀ ਸਮੇਂ ਤਕ ਉਕਤ ਦੋਵੇਂ ਵਿਅਕਤੀਆਂ ਨੇ ਤਿੰਨਾਂ ਮੁੰਡਿਆਂ ਨੂੰ ਵਿਦੇਸ਼ ਨਹੀਂ ਭੇਜਿਆ। ਜਦੋਂ ਵਿਦੇਸ਼ ਜਾਣ ਦੀ ਦੇਰੀ ਦਾ ਕਾਰਨ ਪੁੱਛਿਆ ਤਾਂ ਉਕਤ ਵਿਅਕਤੀ ਕਹਿਣ ਲੱਗੇ ਕਿ ਅਜੇ ਕਾਗ਼ਜ਼ੀ ਕਾਰਵਾਈ ਚੱਲ ਰਹੀ ਹੈ ਤੇ ਜਿਵੇਂ ਹੀ ਇਹ ਪੂਰੀ ਹੋ ਜਾਵੇਗੀ, ਤੁਹਾਨੂੰ ਸੂਚਿਤ ਕਰ ਕੇ ਮੁੰਡਿਆਂ ਨੂੰ ਵਿਦੇਸ਼ ਭੇਜ ਦਿੱਤਾ ਜਾਵੇਗਾ। ਕਿਹਾ ਕਿ ਦੋ ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਮੁੰਡਿਆਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਬਾਅਦ ਵਿਚ ਪੈਸਿਆਂ ਦੀ ਮੰਗ ਕਰਨ 'ਤੇ ਨਾਂਹ ਕਰ ਦਿੱਤੀ। ਉਕਤ ਦੋਵਾਂ ਨੇ ਨਾ ਤਾਂ ਪੈਸੇ ਅਜੇ ਤਕ ਵਾਪਸ ਕੀਤੇ ਤੇ ਨਾ ਹੀ ਮੁੰਡਿਆਂ ਨੂੰ ਵਿਦੇਸ਼ ਭੇਜਿਆ।

ਕੀ ਕਹਿਣਾ ਹੈ ਐੱਸਪੀ ਆਪ੍ਰਰੇਸ਼ਨ ਦਾ

ਐੱਸਪੀ ਆਪ੍ਰਰੇਸ਼ਨ ਹੇਮਪੁਸ਼ਪ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਮਨੋਜ ਕੁਮਾਰ ਤੇ ਸਚਿਨ ਨਿਵਾਸੀ ਰਾਨੀਪੁਰ ਉਪਰਲਾ ਵਿਰੁੱਧ ਥਾਣਾ ਡਿਵੀਜ਼ਨ ਨੰ. 2 ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਦੋਵੇਂ ਮੁਲਜ਼ਮਾਂ ਖ਼ਿਲਾਫ਼ ਨਿਯਮ ਅਨੁਸਾਰ ਕਾਰਵਾਈ ਹੋਵੇਗੀ। ਦੋਸ਼ੀਆਂ ਨੂੰ ਫੜਨ ਲਈ ਪੁਲਿਸ ਦੀਆਂ ਟੀਮਾਂ ਤਲਾਸ਼ ਵਿਚ ਲੱਗੀਆਂ ਹਨ।