ਜੇਐੱਨਐੱਨ, ਗੁਰਦਾਸਪੁਰ : ਆਸਟਰੇਲੀਆ ਪਹੁੰਚਣ ਦੀ ਖਾਹਿਸ਼ਮੰਦ ਔਰਤ ਨੇ ਆਪਣੇ ਪਤੀ ਦੇ ਪੈਸੇ ਦੇਖ ਕੇ ਪਹਿਲਾਂ ਉਸ ਨੂੰ ਫਸਾ ਲਿਆ ਤੇ ਬਾਅਦ 'ਚ ਜਦੋਂ ਉਸ ਦਾ ਪਤੀ ਪੈਸੇ ਖ਼ਰਚ ਕਰ ਕੇ ਉਸ ਨੂੰ ਆਸਟਰੇਲੀਆ ਲੈ ਗਿਆ ਤਾਂ ਉੱਥੇ ਜਾ ਕੇ ਪਤੀ ਨੂੰ ਧੋਖਾ ਦੇ ਕੇ ਛੱਡ ਦਿੱਤਾ। ਇਸ ਧੋਖਾਧੜੀ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਪਹੁੰਚੀ ਤਾਂ ਜਾਂਚ ਤੋਂ ਬਾਅਦ ਔਰਤ ਸਮੇਤ ਤਿੰਨ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਪਿੰਡ ਬਬਰੀ ਨੰਗਲ ਵਾਸੀ ਸੰਤੋਖ ਕੌਰ ਨੇ ਦੱਸਿਆ ਕਿ ਉਸ ਦੇ ਪੋਤਰੇ ਦਾ ਵਿਆਹ 20 ਅਗਸਤ 2017 ਨੂੰ ਪਿੰਡ ਫਤਹਿ ਨੰਗਲ ਵਾਸੀ ਸਿਮਰਨਜੀਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਉਨ੍ਹਾਂ ਨੇ 22 ਲੱਖ ਰੁਪਏ ਖ਼ਰਚ ਕਰ ਕੇ ਭੁਪਿੰਦਰ ਸਿੰਘ ਤੇ ਉਸ ਦੀ ਪਤਨੀ ਸਿਮਰਨਜੀਤ ਕੌਰ ਨੂੰ ਆਸਟਰੇਲੀਆ ਭੇਜ ਦਿੱਤਾ। ਜਿਉਂ ਹੀ ਸਿਮਰਨਜੀਤ ਕੌਰ ਆਸਟਰੇਲੀਆ ਪਹੁੰਚੀ ਤਾਂ ਉੱਥੇ ਆਪਣੇ ਪਤੀ ਨਾਲ ਲੜਾਈ ਝਗੜਾ ਕਰਦਿਆਂ ਵੱਖਰੀ ਰਹਿਣ ਲੱਗੀ ਤੇ ਉਸ ਨੂੰ ਕਹਿਣ ਲੱਗੀ ਕਿ ਉਸ ਦਾ ਮਕਸਦ ਸਿਰਫ਼ ਆਸਟਰੇਲੀਆ ਤਕ ਪਹੁੰਚਣਾ ਹੀ ਸੀ ਤੇ ਹੁਣ ਉਹ ਉਸ ਨਾਲ ਨਹੀਂ ਰਹਿਣਾ ਚਾਹੁੰਦੀ। ਇਸੇ ਮਾਮਲੇ ਬਾਰੇ ਜਦੋਂ ਭੁਪਿੰਦਰ ਸਿੰਘ ਦੀ ਦਾਦੀ ਸੰਤੋਖ ਕੌਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ 4 ਜੂਨ ਨੂੰ ਐੱਸਐੱਸਪੀ ਅੱਗੇ ਪੇਸ਼ ਹੋ ਕੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਸਿਮਰਨਜੀਤ ਕੌਰ ਪੁੱਤਰੀ ਗੱਜਣ ਸਿੰਘ, ਗੱਜਣ ਸਿੰਘ ਪੁੱਤਰ ਸੰਗਤ ਸਿੰਘ, ਦਵਿੰਦਰ ਕੌਰ ਪਤਨੀ ਗੱਜਣ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੰਤੋਖ ਕੌਰ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ ਭੁਪਿੰਦਰ ਸਿੰਘ 'ਤੇ ਆਸਟਰੇਲੀਆ 'ਚ ਵੀ ਕਈ ਝੂਠੀਆਂ ਸ਼ਿਕਾਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉੱਥੇ ਰਿਸ਼ਤੇਦਾਰਾਂ ਨੇ ਭੁਪਿੰਦਰ ਸਿੰਘ ਦੀ ਕਾਫ਼ੀ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਜੇ ਉੱਥੇ ਉਨ੍ਹਾਂ ਦੇ ਰਿਸ਼ਤੇਦਾਰ ਨਾ ਹੁੰਦੇ ਤਾਂ ਸ਼ਾਇਦ ਭੁਪਿੰਦਰ 'ਤੇ ਆਸਟਰੇਲੀਆ ਪੁਲਿਸ ਕਾਰਵਾਈ ਕਰ ਦਿੰਦੀ ਪਰ ਹੁਣ ਗੁਰਦਾਸਪੁਰ ਪੁਲਿਸ ਨੇ ਸਿਮਰਨਜੀਤ ਕੌਰ 'ਤੇ ਜੋ ਮਾਮਲਾ ਦਰਜ ਕੀਤਾ ਹੈ, ਜਿਸ ਕਾਰਨ ਭੁਪਿੰਦਰ ਸਿੰਘ ਆਸਟਰੇਲੀਆ 'ਚ ਵੀ ਸੁਰੱਖਿਅਤ ਰਹੇਗਾ।

ਆਸਟਰੇਲੀਆ ਜਾਣਾ ਹੀ ਸੀ ਮੁੱਖ ਮਕਸਦ

ਸਿਮਰਨਜੀਤ ਕੌਰ ਨੇ ਆਸਟਰੇਲੀਆ ਪਹੁੰਚਣ ਲਈ ਭੁਪਿੰਦਰ ਸਿੰਘ ਨਾਲ ਵਿਆਹ ਤਾਂ ਕਰਵਾ ਲਿਆ ਤੇ ਭੁਪਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ 22 ਲੱਖ ਰੁਪਏ ਖ਼ਰਚ ਕੇ ਦੋਵਾਂ ਨੂੰ ਆਸਟਰੇਲੀਆ ਭੇਜ ਦਿੱਤਾ, ਜਿੱਥੇ ਦੋਵੇਂ ਦੋ ਮਹੀਨੇ ਤਕ ਇਕੱਠੇ ਰਹੇ ਪਰ ਤੀਜੇ ਹੀ ਮਹੀਨੇ ਸਿਮਰਨਜੀਤ ਕੌਰ ਨੇ ਵੱਖਰੀ ਰਹਿਣ ਦੀ ਗੱਲ ਕਹਿ ਦਿੱਤੀ। ਇਸ ਤੋਂ ਬਾਅਦ ਭੁਪਿੰਦਰ ਸਿੰਘ ਕਾਫ਼ੀ ਪਰੇਸ਼ਾਨ ਰਹਿਣ ਲੱਗਾ ਤੇ ਪਰਿਵਾਰਕ ਮੈਂਬਰਾਂ ਤੋਂ ਮਦਦ ਮੰਗੀ।