ਸੁਖਦੇਵ ਸਿੰਘ, ਬਟਾਲਾ : ਬਟਾਲਾ ਦੇ ਜਲੰਧਰ ਰੋਡ ਨੇੜੇ ਅੱਚਲ ਸਾਹਿਬ ਕੋਲ ਇਕ ਸੜਕ ਹਾਦਸੇ 'ਚ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਤੇ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਐੱਸਐੱਚਓ ਥਾਣਾ ਰੰਗੜ ਨੰਗਲ ਹਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਘੁੰਮਣ ਕਲਾਂ ਦਾ ਇਕ ਬਜ਼ੁਰਗ ਜੋੜਾ ਬਚਨ ਸਿੰਘ ਤੇ ਉਸ ਦੀ ਪਤਨੀ ਜਗੀਰ ਕੌਰ ਆਪਣੀ ਸਕੂਟਰੀ 'ਤੇ ਬਾਬਾ ਬਕਾਲਾ ਸਾਹਿਬ ਤੋਂ ਮੱਸਿਆ ਦੇਖ ਕੇ ਆ ਰਹੇ ਸਨ ਤੇ ਜਦੋਂ ਅੱਚਲ ਸਾਹਿਬ ਨੇੜੇ ਪਹੁੰਚੇ ਤਾਂ ਸਕੂਟਰੀ ਦਾ ਸੰਤੁਲਣ ਵਿਗੜਣ ਕਾਰਨ ਸਕੂਟਰੀ ਸੜਕ ਕਿਨਾਰੇ ਟਾਹਲੀ ਨਾਲ ਜਾ ਟਕਰਾਈ।

ਇਸ ਦੌਰਾਨ ਜਗੀਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬਚਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਬਟਾਲਾ ਲਿਜਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਅੰਮਿ੍ਤਸਰ ਰੈਫਰ ਕਰ ਦਿੱਤਾ, ਪਰ ਰਸਤੇ 'ਚ ਹੀ ਬਚਨ ਸਿੰਘ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਇਸ ਸਬੰਧੀ ਥਾਣਾ ਰੰਗੜ ਨੰਗਲ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।